ਸ਼ਾਮ ਦਾ ਸਮਾਂ ਹੋ ਚੁੱਕਾ ਸੀ ਪਰ ਅਜੇ ਤਕ ਓਹ ਸ਼ਹਿਰ ਤੋਂ ਵਾਪਿਸ ਪਰਤ ਕੇ ਨਹੀਂ ਆਇਆ ਸੀ। ਮਾਂ ਆਪਣੇ ਦਿਲ ਨੂੰ ਦਿਲਾਸਾ ਦੇਣ ਲਈ ਆਪਣੇ ਆਪ ਨੂੰ ਬਾਰ ਬਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਹੋ ਸਕਦਾ ਬੱਸ ਨਾ ਮਿਲੀ ਹੋਵੇ ਜਾਂ ਕਿਸੇ ਕੋਲ ਰੁਕ ਗਿਆ ਹੋਵੇ।
ਮਾਂ ਦਾ ਫ਼ਿਕਰ ਕਰਨਾ ਵੀ ਲਾਜ਼ਮੀ ਸੀ। ਉਸ ਦਾ ਬਾਪੂ ਵੀ ਇਸੇ ਤਰ੍ਹਾਂ ਸ਼ਹਿਰ ਨੂੰ ਗਿਆ ਸੀ ਇਕ ਬਾਰ ਤੇ ਪਰਤ ਕੇ ਨਹੀਂ ਆਇਆ ਸੀ ਤੇ ਕੁਝ ਦਿਨ ਬਾਅਦ ਪੁਲਿਸ ਆਈ ਸੀ ਉਸ ਦੀ ਮੌਤ ਦੀ ਖਬਰ ਤੇ ਲਾਵਾਰਿਸ ਲਾਸ਼ ਦੀ ਪਹਿਚਾਣ ਲਈ।ਉਸ ਦਿਨ ਨੂੰ ਯਾਦ ਕਰਕੇ ਉਸਦੀ ਰੂਹ ਅੱਜ ਵੀ ਕੰਬ ਜਾਂਦੀ ਸੀ।
ਰਾਤ ਨੇ ਵੀ ਦਸਤਕ ਦੇ ਦਿੱਤੀ ਸੀ ਤੇ ਰਾਤ ਦਾ ਹਨੇਰਾ ਹੋਰ ਵੀ ਡਰਾ ਰਿਹਾ ਸੀ। ਪੁੱਤਰ ਦੀ ਅਜੇ ਤਕ ਕੋਈ ਖ਼ਬਰ ਨਾ ਆਈ ਤੇ ਨਾ ਓਹ ਖੁਦ ਆਇਆ ਸੀ। ਆਖਿਰਕਾਰ ਓਹ ਉੱਠ ਕੇ ਤੁਰ ਪਈ ਪਿੰਡ ਤੋਂ ਬਾਹਰ ਵਾਲੇ ਪਾਸੇ ਨੂੰ।
ਪਿੰਡ ਦੇ ਇਕ ਮੁੰਡੇ ਨੇ ਪੁੱਛਿਆ ਕਿ ਕਿੱਧਰ ਨੂੰ ਚੱਲੀ, ਬੀਬੀ ਐਨੀ ਰਾਤ ਨੂੰ।ਅੱਗੋ ਓਹ ਆਖਦੀ ਕਿ ਮੇਰਾ ਪੁੱਤ ਸ਼ਹਿਰ ਤੋਂ ਪਰਤਿਆ ਨੀ ਅਜੇ,ਉਸ ਨੂੰ ਲੱਭਣ ਚੱਲੀ ਹਾਂ।ਓਹ ਘਬਰਾਹਟ ਵਿੱਚ ਹੀ ਪਿੰਡ ਤੋਂ ਸ਼ਹਿਰ ਵੱਲ ਜਾਂਦੇ ਰਾਹ ਤੇ ਚਲ ਰਹੀ ਸੀ।
ਸਾਹਮਣੇ ਤੋਂ ਆਉਂਦੇ ਇਕ ਪਰਛਾਵੇਂ ਤੇ ਉਸਦੀ ਨਜ਼ਰ ਪਈ।ਕੋਈ ਹੱਥ ਵਿੱਚ ਸਾਈਕਲ ਫੜੀ ਹੌਲੀ ਹੌਲੀ ਤੁਰਿਆ ਆ ਰਿਹਾ ਸੀ।ਉਸਦੀ ਨਜ਼ਰ ਵਿਚ ਇਕ ਚਮਕ ਆ ਗਈ ਜਦੋਂ ਓਹ ਪਰਛਾਵਾਂ ਇਕ ਚਿਹਰੇ ਵਿੱਚ ਬਦਲ ਗਿਆ ਤੇ ਉਸਦੀ ਜਾਨ ਵਿਚ ਮੁੜ ਤੋਂ ਜਾਨ ਆ ਗਈ।
ਉਸਦਾ ਪੁੱਤ ਮੁੜ ਆਇਆ ਸੀ ਤੇ ਉਸਨੇ ਦੱਸਿਆ ਕਿ ਸ਼ਹਿਰ ਵਿੱਚ ਕਰਫਿਊ ਲੱਗ ਗਿਆ ਸੀ ਇਸ ਕਰਕੇ ਓਹ ਦੁਕਾਨ ਤੇ ਹੀ ਰੁੱਕ ਗਿਆ ਸੀ।ਸ਼ਾਮ ਨੂੰ ਜਦੋਂ ਕਰਫਿਊ ਖੁੱਲਾ, ਤਾਂ ਓਹ ਕਿਸੇ ਤਰ੍ਹਾਂ ਕਿਸੇ ਟਰੱਕ ਵਿੱਚ ਬੈਠ ਕੇ ਅੱਡੇ ਤੱਕ ਪਹੁੰਚਿਆ ਤੇ ਅੱਗੇ ਉਸਨੇ ਵੇਖਿਆ ਕਿ ਉਸਦੇ ਸਾਈਕਲ ਵਿੱਚ ਹਵਾ ਨਹੀਂ ਸੀ।
ਮਾਂ ਉਸਦੀਆਂ ਸਭ ਗੱਲਾਂ ਸੁਣ ਰਹੀ ਸੀ ਤੇ ਮਨ ਵਿੱਚ ਹੀ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ।