ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ। ਉਂਝ ਤਾਂ ਇਸ ਗੱਲ ਦੇ ਕਈ ਭਾਵ ਕੱਢੇ ਜਾ ਸਕਦੇ ਹਨ, ਤੇ ਆਪਣੀ ਲੋੜ ਜਾਂ ਮਤਲਬ ਮੁਤਾਬਿਕ ਕੱਢੇ ਵੀ ਜਾਂਦੇ ਹਨ, ਪਰ ਸ਼ਾਇਦ ਇਸ ਦਾ ਢੁਕਵਾਂ ਅਰਥ ਇਹ ਹੈ ਕਿ ਗਲਤੀ ਕਿਸੇ ਵੀ ਮਨੁੱਖ ਤੋਂ ਹੋ ਸਕਦੀ ਹੈ ਤੇ ਹਰ ਕਿਸੇ ਨੂੰ ਗਲਤੀ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸੇ ਕਰਕੇ ਹੀ ਸ਼ਾਇਦ ਗਲਤੀ ਕਰਨ ਵਾਲੇ ਨੂੰ ਆਪਣੇ ਕੀਤੇ ਦਾ ਪਛਤਾਵਾ ਕਰਕੇ ਸੁਧਰਨ ਦਾ ਮੌਕਾ ਦੇਣ ਦੀ ਪ੍ਰੰਪਰਾ ਕਰੀਬ ਹਰ ਮਨੁੱਖੀ ਸੱਭਿਆਚਾਰ ਤੇ ਧਰਮ-ਵਿਸ਼ਵਾਸ਼ ਵਿੱਚ ਮੌਜੂਦ ਹੈ।
ਗਲਤੀ ਤੇ ਗੁਨਾਹ ਬਾਰੇ ਇੱਕ ਮੋਟਾ ਜਿਹਾ ਬੁਨਿਆਦੀ ਫਰਕ ਇਹ ਹੁੰਦਾ ਹੈ ਕਿ ਗਲਤੀ ਅਕਸਰ ਅਣਜਾਣੇ ਵਿੱਚ ਹੁੰਦੀ ਹੈ ਤੇ ਮੁਕਾਬਲਤਨ ਘੱਟ ਗੰਭੀਰ ਹੁੰਦੀ ਹੈ। ਗੁਨਾਹ ਅਕਸਰ ਜਾਣਦਿਆਂ ਹੋਇਆਂ ਕੀਤਾ ਜਾਂਦਾ ਹੈ ਅਤੇ ਮੁਕਾਬਲਤਨ ਵੱਧ ਗੰਭੀਰ ਹੁੰਦਾ ਹੈ। ਇਹ ਵੀ ਹੈ ਕਿ ਜੇਕਰ ਕੋਈ ਗਲਤੀ ਪਤਾ ਲੱਗ ਜਾਣ ਉੱਤੇ ਵੀ ਉਸ ਨੂੰ ਮੰਨਣ ਤੇ ਸੁਧਾਰ ਕਰਨ ਦੀ ਬਜਾਏ ਉਸ ਉੱਤੇ ਪਰਦਾ ਪਾਵੇ ਜਾਂ ਵਾਰ-ਵਾਰ ਉਸੇ ਗਲਤੀ ਨੂੰ ਦਹੁਰਾਵੇ ਤਾਂ ਇਹ ਵੀ ਗਲਤੀ ਨਾ ਰਹਿ ਕੇ ਗੁਨਾਹ ਬਣ ਜਾਂਦੀ ਹੈ। ਗਲਤੀ ਕਰਨ ਵਾਲੇ ਨਾਲੋਂ ਗੁਨਾਹ ਕਰਨ ਵਾਲਾ ਵਧੇਰੇ ਸਖਤ ਸਜ਼ਾ ਦਾ ਪਾਤਰ ਹੁੰਦਾ ਹੈ।
ਗਲਤੀ ਜਾਂ ਗੁਨਾਹ ਦੋਹਾਂ ਲਈ ਹੀ ਮਾਫੀ ਹੋ ਸਕਦੀ ਹੈ ਪਰ ਉਸ ਦੀਆਂ ਕੁਝ ਬੁਨਿਆਦੀ ਸ਼ਰਤਾਂ ਹੁੰਦੀਆਂ ਹਨ। ਪਹਿਲੀ ਕਿ ਗਲਤੀ ਜਾਂ ਗੁਨਾਹ ਕਰਨ ਵਾਲਾ (ਦੋਸ਼ੀ) ਆਪਣੇ ਦੋਸ਼ ਨੂੰ ਇਮਾਨਦਾਰੀ ਨਾਲ ਤਸਲੀਮ ਕਰੇ, ਭਾਵ ਕਿ ਆਪਣੀ ਪੂਰੀ ਗਲਤੀ ਅਤੇ ਗੁਨਾਹ ਮੰਨੇ। ਦੂਜਾ ਉਸ ਗਲਤੀ ਜਾਂ ਗੁਨਾਹ ਦੇ ਕਾਰਨਾਂ ਨੂੰ ਮੁਕੰਮਲ ਰੂਪ ਵਿੱਚ ਬਿਆਨ ਕਰੇ। ਬਿਨਾ ਕੁਝ ਲੁਕਾਇਆਂ ਦੱਸੇ ਕਿ ਉਸਨੇ ਕਿਹਨਾਂ ਹਾਲਾਤਾਂ ਵਿੱਚ ਕੀ ਕੁਝ ਕੀਤਾ ਅਤੇ ਕਿਉਂ? ਤੀਜਾ ਕਿ ਤਹਿ ਦਿਲੋਂ ਉਹ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਪਛਤਾਵੇ ਲਈ ਆਪਣੇ ਆਪ ਨੂੰ ਪੇਸ਼ ਕਰੇ। ਇੰਝ ਕਰਨ ਵਾਲੇ ਨੂੰ ਹੀ ਪਛਚਾਤਾਪ ਕਰਨ ਦਾ ਅਧਿਕਾਰੀ ਮੰਨਿਆ ਜਾਂਦਾ ਹੈ ਤੇ ਅਜਿਹੇ ਮਨੁੱਖ ਦਾ ਹੀ ਪਛਚਾਤਾਪ ਪ੍ਰਵਾਣ ਹੁੰਦਾ ਹੈ। ਪੰਥਕ ਰਿਵਾਇਤ ਵਿੱਚ ਵੀ ਤਨਖਾਨ ਅਜਿਹੇ ਸਿੱਖ ਨੂੰ ਹੀ ਲੱਗਦੀ ਹੈ ਜੋ ਪੂਰੀ ਗੱਲ ਸੱਚੋ-ਸੱਚ ਬਿਆਨ ਕਰਕੇ ਆਪਣੀ ਗਲਤੀ ਬਿਨਾ ਕਿਸੇ ਸਵਾਲ ਜਾਂ ਉਜਰ ਦੇ ਕਬੂਲ ਕਰਦਾ ਹੈ ਤੇ ਮਨੋਂ ਨਿਮਾਣਾ ਬਣ ਕੇ ਆਪਣੇ ਆਪ ਨੂੰ ਸੁਧਾਈ ਹਿੱਤ ਪੇਸ਼ ਕਰਦਾ ਹੈ। ਇੱਕ ਗੱਲ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਅਜਿਹਾ ਉਹ ਹੀ ਕਰਦੇ ਹਨ ਜਿਹੜੇ ਆਪਣੇ ਸੱਚੇ ਅਕੀਦੇ ਉੱਤੇ ਇਖਲਾਕ ਨਾਲ ਖੜ੍ਹਦੇ ਹਨ। ਅਕੀਦੇ ਤੋਂ ਡਿੱਗੇ ਅਤੇ ਇਖਲਾਕਹੀਣੇ ਮਨੁੱਖ ਵਿੱਚ ਗਲਤੀ ਨੂੰ ਮੰਨਣ, ਸੱਚ ਬਿਆਨਣ ਤੇ ਸੁਧਾਈ ਹਿੱਤ ਨਿਮਾਣਾ ਬਣ ਕੇ ਪੇਸ਼ ਹੋਣ ਦੀ ਹਿੰਮਤ ਨਹੀਂ ਹੁੰਦੀ। ਅਤੇ ਜੇਕਰ ਕੋਈ ਬਿਨਾ ਗਲਤੀ ਮੰਨੇ ਤੇ ਬਿਨਾ ਮੁਕੰਮਲ ਸੱਚ ਬਿਆਨ ਕੀਤਿਆਂ ਪਛਚਾਤਾਪ ਲਈ ਪੇਸ਼ਕਸ਼ ਕਰੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਫਰੇਬ ਕਰ ਰਿਹੈ, ਜੋ ਕਿ ਅਗਾਂਹ ਇੱਕ ਹੋਰ ਗੁਨਾਹ ਤੋਂ ਵੱਧ ਹੋਰ ਕੁਝ ਵੀ ਨਹੀਂ ਹੁੰਦਾ।
ਇਸ ਚਰਚਾ ਦਾ ਸਵੱਬ ਇਹ ਹੈ ਕਿ ਇਹਨੀ ਦਿਨੀਂ ਸਿੱਖ ਜਗਤ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਸਰੂਪ ਸਾਹਿਬਾਨ ਦੇ ਲਾਪਤਾ ਹੋਣ ਦੇ ਮਸਲੇ ਉੱਤੇ ਕਈ ਪ੍ਰਕਾਰ ਦੀ ਚਰਚਾ ਤੇ ਸਰਗਰਮੀ ਚੱਲ ਰਹੀ ਹੈ। ਮਾਮਲਾ ਇੰਨਾ ਗੰਭੀਰ ਹੈ ਕਿ ਸਿੱਖ ਜਗਤ ਦੇ ਸਨਮੁਖ ਇਹ ਆਪਾ ਪੜਚੋਲ ਦਾ ਵੱਡਾ ਵਿਸ਼ਾ ਬਣ ਜਾਣਾ ਚਾਹੀਦਾ ਸੀ ਕਿ ਆਖਿਰ ਕੀ ਕਾਰਨ ਹਨ ਕਿ ਗੁਰੂ ਸਾਹਿਬ ਦੇ ਅਦਬ ਲਈ ਜਾਨਾ ਵਾਰ ਕੇ ਸਿਰਜੀ ਸੰਸਥਾ ਦੇ ਆਪਣੇ ਪ੍ਰਬੰਧ ਹੇਠ ਹੀ ਗੁਰੂ ਸਾਹਿਬ ਦੀ ਇੰਨੀ ਵੱਡੀ ਬੇਅਦਬੀ ਹੋ ਜਾਵੇ? ਪਰ ਸ਼ਾਇਦ ਸਾਡੇ ਸਮਾਜ ਵਿੱਚ ਅਜੋਕੇ ਸਮੇਂ ਗੁਰੂ ਲਿਵ ਦੀ ਉਹ ਨੇੜਤਾ ਨਹੀਂ ਰਹੀ ਜੋ ਉਹਨਾਂ ਕੁਰਬਾਨੀਆਂ ਵੇਲੇ ਸੀ ਕਿਉਂਕਿ ਇਸ ਮਾਮਲੇ ਨੂੰ ਇੱਕ ਸਿਆਸੀ ਪ੍ਰਬੰਧਕੀ ਮਾਮਲੇ ਵਾਙ ਹੀ ਨਜਿੱਠਣ ਦੀ ਕਵਾਇਦ ਜ਼ੋਰਾਂ ਉੱਤੇ ਹੈ।
ਇਸੇ ਕਵਾਇਦ ਦਾ ਇੱਕ ਅਗਲਾ ਅਹਿਮ ਪੜਾਅ 18 ਸਤੰਬਰ ਨੂੰ ਹੈ ਜਿਸ ਦਿਨ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮੌਕੇ ਸ਼੍ਰੋ.ਗੁ.ਪ੍ਰ.ਕ. ਦੀ ਤਤਕਾਲੀ ਕਾਰਜ-ਕਾਰਨੀ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਹੈ। ਪਹਿਲਾਂ ਮਾਮਲੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਨ ਵਾਲੀ ਤੇ ਫਿਰ ਵਾਰ-ਵਾਰ ਬਿਨਾ ਜਚਵੇਂ ਕਾਰਨਾਂ ਦੇ ਆਪਣੇ ਫੈਸਲੇ ਤੇ ਬਿਆਨ ਬਦਲਣ ਵਾਲੀ ਮੌਜੂਦਾ ਕਾਰਜ-ਕਾਰਨੀ ਨੇ ਵੀ ਇਸ ਦਿਨ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ ਦਾ ਐਲਾਨ ਕੀਤਾ ਹੈ।
ਇਸ ਮਾਮਲੇ ਵਿੱਚ ਇੱਕ ਕੇਂਦਰੀ ਨੁਕਤਾ ਪਸ਼ਚਾਤਾਪ ਦਾ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਜਿਸ ਸਥਾਨ ਉੱਤੇ ਗੁਰੂ ਸਾਹਿਬ ਦੇ ਸਰੂਪ ਸਾਹਿਬਾਨ ਦੀ ਸੇਵਾ ਕੀਤੀ ਜਾਂਦੀ ਹੈ ਓਥੇ ਮਈ 2016 ਵਿੱਚ ਅੱਗ ਲੱਗ ਜਾਣ ਕਾਰਨ ਗੁਰੂ ਸਾਹਿਬ ਦੇ ਸਰੂਪ ਅਗਨ ਭੇਟ ਹੋ ਗਏ ਸਨ ਤੇ ਅੱਗ ਬੁਝਾਉਣ ਵੇਲੇ ਵੀ ਗੁਰੂ ਸਾਹਿਬ ਦੇ ਸਰੂਪ ਸਾਹਿਬਾਨ ਦੀ ਬੇਅਦਬੀ ਹੋਈ ਸੀ। ਇਸ ਸੰਬੰਧੀ ਤਤਕਾਲੀ ਕਾਰਜ-ਕਾਰਨੀ ਉੱਤੇ ਦੋਸ਼ ਹੈ ਕਿ ਉਹਨਾਂ ਇਸ ਘਟਨਾ ਦਾ ਪਛਚਾਤਾਪ ਕਿਉਂ ਨਹੀਂ ਕੀਤਾ? ਅਸਲ ਵਿੱਚ ਜਿਸ ਤਰੀਕੇ ਨਾਲ ਸਾਰਾ ਮਾਮਲਾ ਚੁੱਕਿਆ ਜਾ ਰਿਹਾ ਹੈ ਉਸ ਤਹਿਤ ਤਾਂ ਦੋਸ਼ ਬਾਰੇ ਇਹ ਪ੍ਰਭਾਵ ਜਾਂਦਾ ਹੈ ਕਿ ਉਸ ਕਮੇਟੀ ਨੇ ਪਛਚਾਤਾਪ ਕਰਨ ਦੀ ਕਾਰਵਾਈ ਕਿਉਂ ਨਹੀਂ ਕੀਤੀ?
ਉਸ ਮੌਕੇ ਦੇ ਦੋ ਅਹਿਮ ਅਹੁਦੇਦਾਰ ਅੱਜ ਇਸ ਸੰਸਾਰ ਵਿੱਚ ਨਹੀਂ ਹਨ। ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ ਚਲਾਣਾ ਕਰ ਗਏ ਹਨ। ਚਲਾਣਾ ਕਰਨ ਤੋਂ ਕੁਝ ਦਿਨ ਪਹਿਲਾਂ ਹਰਚਰਨ ਸਿੰਘ ਹੁਰਾਂ ਨੇ ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਮੌਕੇ ਕਿਹਾ ਸੀ ਕਿ ਉਹਨਾਂ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪਛਚਾਤਾਪ ਕਰਨ ਲਈ ਕਿਹਾ ਸੀ ਪਰ ਉਹਨਾਂ ਗੱਲ ਗੌਲ਼ੀ ਨਹੀਂ। ਜਦੋਂ ਇਹ ਪੁੱਛਿਆ ਕਿ ਉਹਨਾਂ ਅਜਿਹਾ ਕਿਉਂ ਕੀਤਾ ਤਾਂ ਹਰਚਰਨ ਸਿੰਘ ਹੁਰਾਂ ਦਾ ਜਵਾਬ ਸੀ ਕਿ ਇਸ ਦੀ ਉਹਨਾਂ ਨੂੰ ਜਾਣਕਾਰੀ ਨਹੀਂ।
ਉਸ ਸਮੇਂ ਬਾਰੇ ਕਰੀਬ ਸਭ ਨੂੰ ਪਤਾ ਹੈ ਕਿ ਅਕਤੂਬਰ 2015 ਵਿੱਚ ਬੇਅਦਬੀ ਦੀ...