ਜਿਵੇਂ ਜਿਵੇਂ ਸਾਡੀ ਜ਼ਿੰਦਗੀ ਚੋਂ ਅਸਲ ਸੰਘਰਸ਼ ਦੇ ਤੱਤ ਖਤਮ ਹੁੰਦੇ ਜਾਂਦੇ ਹਨ, ਅਸੀਂ ਉਤਨਾ ਹੀ ਬਣਾਉਟੀ ਸੰਘਰਸ਼ਾਂ ਨੂੰ ਸਿਰਜਦੇ ਜਾਂਦੇ ਹਾਂ। ਮਿਸਾਲ ਦੇ ਤੌਰ ਤੇ, ਅਜਕਲ ਦੀ ਚੜ੍ਹਦੀ ਉਮਰ ਦੀ ਨੌਜਵਾਨੀ (ਅਤੇ ਬਾਕੀਆਂ) ਵੱਲੋਂ ਖੇਡੀਆਂ ਜਾਂਦੀਆਂ ਵੀਡੀਓ ਗੇਮਾਂ ਅਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਇਸਦਾ ਇਕ ਸੌਖਾ ਉਦਾਹਰਣ ਹਨ। ਵੀਡੀਓ ਗੇਮ ਵਿੱਚ ਹੀ ਕਾਰ ਦੀ ਰੇਸ ਤੋਂ ਲੈਕੇ ਕੈਦਖਾਨੇ ਵਿੱਚੋਂ ਫਰਾਰੀ (ਪ੍ਰਿਜ਼ਨ ਬ੍ਰੇਕ ਗੇਮਾਂ) ਅਤੇ ਦੋ ਰਾਜਾਂ ਦੀ ਆਪਸੀ ਲੜਾਈ ਤੋਂ ਲੈਕੇ ਸਭਿਅਤਾਵਾਂ ਦੀ ਆਪਸੀ ਲੜਾਈ ਤਕ, ਸਭ ਕੁੱਝ ਦਾ ਸੰਘਰਸ਼ ਵੀਡੀਓ ਗੇਮ ਦੇ ਜਰੀਏ ਹੀ ਕਰਕੇ ਸਾਡਾ ਮਨ ਆਪਣੇ ਆਪ ਨੂੰ ਤਸਕੀਨ ਦਿਵਾਉਂਦਾ ਹੈ ਕਿ ਕੋਈ ਲੜਾਈ ਜਿੱਤੀ ਹੈ। ਮਨ ਭਾਵੇਂ ਚੇਤਨ ਤੌਰ ਉੱਤੇ ਸ਼ਾਂਤੀ ਦੀ ਚਾਹਤ ਰੱਖਦਾ ਹੈ ਪਰ ਹੈ ਸਦਾ ਉਹ ਸੰਘਰਸ਼ ਦੀ ਭਾਲ ਵਿੱਚ।