Sikh Pakh Podcast

ਦਸਮੇਸ਼ ਪਿਤਾ ਜੀ ਦਾ ਦੀਨੇ ਆਉਣਾ


Listen Later

ਦੀਨੇ ਤੋਂ ਪੰਜ ਕੋਹ ਭਾਈ ਰੂਪਾ ਪਿੰਡ ਹੈ। ਉੱਥੇ ਖਬਰ ਪੁੱਜੀ ਕਿ ਦਸਮੇਸ਼ ਪਿਤਾ ਦੀਨੇ ਪਹੁੰਚੇ ਹੋਏ ਹਨ, ਤਾਂ ਭਾਈ ਰੂਪ ਚੰਦ ਜੀ ਨੇ ਸਾਰੇ ਪਰਵਾਰ ਸਮੇਤ ਦਰਸ਼ਨਾਂ ਲਈ ਪੁੱਜਣ ਦੀ ਤਿਆਰੀ ਕੀਤੀ। ਖਾਸ ਖਾਸ ਵਸਤਾਂ ਜੋ ਸਤਿਗੁਰਾਂ ਦੇ ਨਮਿਤ ਤਿਆਰ ਕੀਤੀਆਂ ਹੋਈਆਂ ਸਨ, ਉਹ ਭੇਟ ਕਰਨ ਲਈ ਨਾਲ ਲੈ ਲਈਆਂ। ਜਿਨ੍ਹਾਂ ਵਿੱਚੋਂ ਭਾਈ ਰੂਪ ਜੀ ‘ ਚੰਦ ਜੀ ਦੇ ਪਰਵਾਰ ਵੱਲੋਂ ਬਰੀਕ-ਬਰੀਕ ਸੂਤ ਕੱਤ ਕੇ ਰੀਝਾਂ ਨਾਲ ਬਣਾਈ ਹੋਈ ਇੱਕ ਚਿਟੀ ਪੁਸ਼ਾਕ ਵੀ ਸੀ। ਇਹ ਭੇਟ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਆਪ ਜੀ ਸਾਰੇ ਹੀ ਨੀਲੇ ਬਸਤਰ ਲਾਹ ਕੇ ਇਹ ਚਿੱਟੀ ਪੁਸ਼ਾਕ ਪਹਿਨ ਲਵੋ। ਸਤਿਗੁਰਾਂ ਨੇ ਬੜੇ ਪ੍ਰੇਮ ਸਹਿਤ ਸਵੀਕਾਰ ਕੀਤਾ। ਜਿੰਨੇ ਛੇਵੇਂ ਸਤਿਗੁਰਾਂ ਦੇ ਸਮੇਂ ਦੇ ਸ਼ਸਤ੍ਰ-ਬਸਤ੍ਰ ਸਨ, ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ, ਗੁਰੂ ਕੇ ਮਹਿਲਾਂ ਦੀਆਂ ਨਿਸ਼ਾਨੀਆਂ ਅਤੇ ਗੁਰੂ ਕੇ ਸਿੱਖਾਂ ਦੀਆਂ ਨਿਸ਼ਾਨੀਆਂ ਬਸਤ੍ਰ ਸਨ ਉਹ ਵੀ ਨਾਲ ਲੈ ਆਏ ਅਤੇ ਭੇਟਾ ਕਰ ਕੇ ਬੇਨਤੀ ਕੀਤੀ ਕਿ ਇਹ ਸਭ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਹਨ। ਇਨ੍ਹਾਂ ਨੂੰ ਵੀ ਸਵੀਕਾਰ ਕਰੋ, ਜੋ ਗੁਰੂ ਜੀ ਨੇ ਆਪਣੇ ਸੀਸ ਉੱਤੇ ਰੱਖ ਕੇ ਭਾਈ ਰੂਪ ਚੰਦ ਜੀ ਨੂੰ ਹੀ ਬਖਸ਼ ਦਿੱਤੀਆਂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋ ਦੋ ਘੋੜੇ ਦਿਲਬਾਗ ਤੇ ਗੁਲਬਾਗ ਭਾਈ ਬਿਧੀ ਚੰਦ ਜੀ ਲਿਆਏ ਸਨ, ਉਨ੍ਹਾਂ ਵਿੱਚੋਂ ਇਕ ਦੀ ਸੰਤਾਨ ਦਾ ਘੋੜਾ ਪੇਸ਼ ਕੀਤਾ। ਜਿਸ ਬੜੀਆਂ ਰੀਝਾਂ ਨਾਲ ਪਾਲਿਆ ਸੀ। ਇਸ ਵਛੇਰੇ ਨੂੰ ਗੁਰੂ ਦੇ ਅਰਪਨ ਕਰਨ ਲਈ ਛੋਟੇ ਹੁੰਦਿਆਂ ਤੋਂ ਹੀ ਮੱਖਣੀ, ਮਿਸ਼ਰੀ, ਬਦਾਮ, ਦੁੱਧ ਆਦਿ ਦੀ ਖੁਰਾਕ ਦਿੱਤੀ ਜਾਂਦੀ ਰਹੀ। ਗੁਰੂ ਜੀ ਦੇ ਅੱਗੇ ਇਕ ਘੋੜਾ ਪੇਸ਼ ਕੀਤਾ, ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਹੋਰ ਖੁਸ਼ੀਆਂ ਬਖਸ਼ੀਆਂ। ਵੱਡੀ ਗੱਲ ਇਹ ਹੈ ਕਿ ਭਾਈ ਰੂਪ ਚੰਦ ਜੀ ਨੇ ਨੇ ਦੋ ਪੁੱਤਰ-ਧਰਮ ਚੰਦ, ਪਰਮ ਚੰਦ, ਸਤਿਗੁਰੂ ਜੀ ਦੇ ਅੰਗ ਰੱਖਿਅਕ ਦੇ ਰੂਪ ਵਿਚ ਸੇਵਾ ਕਰਨ ਲਈ ਪੇਸ਼ ਕੀਤੇ। ਜਿਨ੍ਹਾਂ ਨੇ ਦੀਨੇ ਤੋਂ ਸ੍ਰੀ ਹਜ਼ੂਰ ਸਾਹਿਬ ਤਕ, ਗੁਰੂ ਜੀ ਦਾ ਸਾਥ ਦਿੱਤਾ।

ਇਸ ਵੇਲੇ ਗੁਰੂ ਜੀ ਪਿੰਡ ਦੀਨੇ, ਦੇਸੂ ਤਰਖਾਣ ਦੇ ਚੁਬਾਰੇ ਵਿਚ ਨਿਵਾਸ ਕਰਦੇ ਰਹੇ ਅਤੇ ਭਾਈ ਰੂਪੇ ਵਾਲੇ ਪਾਸੇ ਜੰਗਲ ਵਿਚ ਜਾ ਕੇ ਜ਼ਫ਼ਰਨਾਮੇ ਦੀ ਰਚਨਾ ਕੀਤੀ। ਇਹ ਉਹੀ ਜੰਗਲ ਦਾ ਅਸਥਾਨ ਸੀ ਜਿੱਥੇ ਪਹਿਲਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਰਵਾਇਤਾਂ ਅਨੁਸਾਰ ਸ਼ਿਕਾਰ ਖੇਡਦੇ, ਕਮਰਕੱਸਾ ਖੋਲਿਆ ਕਰਦੇ ਸਨ। ਸ੍ਰੀ ਗੁਰੂ ਜੀ ਲਈ ਭਾਈ ਰੂਪ ਚੰਦ (ਸਿੰਘ) ਜੀ ਨਿਤਾਪ੍ਰਤੀ ਭਾਈ ਰੂਪੇ ਤੋਂ ਲੰਗਰ ਤਿਆਰ ਕਰਕੇ, ਜਿੱਥੇ ਵੀ ਗੁਰੂ ਸਾਹਿਬ ਬਿਰਾਜਦੇ, ਉਨ੍ਹਾਂ ਨੂੰ ਪਰਸ਼ਾਦਾ ਛਕਾ ਆਉਂਦੇ।

ਇਕ ਦਿਨ ਭਾਈ ਰੂਪੇ ਨੇ ਚਰਨ ਪਾਉਣ ਦੀ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਨਿਵਾਜਿਆ। ਸ਼ਿਕਾਰ ਦਾ ਬਹਾਨਾ ਬਣਾ ਕੇ ਪਿੰਡ ਦੇ ਨੇੜੇ ਹੀ ਪਰਸ਼ਾਦਾ ਛਕਿਆ ਤੇ ਬਚਨ ਬਿਲਾਸ ਕੀਤੇ। ਇਸ ਅਸਥਾਨ ਉੱਤੇ ਇਕ ਸਰੋਵਰ ਹੈ, ਜਿਸਨੂੰ ‘ਮਾਨਸਰੋਵਰ ਕਿਹਾ ਜਾਂਦਾ ਹੈ। ਭਾਈ ਰੂਪ ਚੰਦ ਜੀ ਅਤੇ ਉਨ੍ਹਾਂ ਦੇ ਪੁੱਤ-ਪੋਤਰੇ ਭਾਈ ਦੁੰਨਾ ਜੀ ਅਤੇ ਭਾਈ ਸੁੰਦਰ ਜੀ ਗੁਰੂ ਸਾਹਿਬ ਅਤੇ ਗੁਰੂ ਕੀਆਂ ਫੌਜਾਂ ਨੂੰ ਨੂੰ ਪਰਸ਼ਾਦਾ ਛਕਾਉਂਦੇ ਸਨ।

ਏਥੋਂ ਫੌਜਾਂ ਦੇ ਨਿਰਾਸ਼ ਮੁੜ ਜਾਣ ਜਾਣ ਤੋਂ ਗੁਰੂ ਜੀ, ਲੱਖੀ ਜੰਗਲ ਦੇ ਕਈ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੇ ਇਸ ਇਲਾਕੇ ਦੇ ਸਰਦਾਰ “ਡੱਲੇ ਚੌਧਰੀ” ਨੇ, ਗੁਰੂ ਜੀ ਦੇ ਨਿਵਾਸ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ।

ਗੁਰੂ ਜੀ ਦਾ ਪਿੱਛਾ ਕਰਦੇ ਸਰਹਿੰਦ ਦੇ ਸੂਬੇ ਦੇ ਬੰਦਿਆਂ ਨੂੰ ਅਜਿਹੇ ਜਵਾਬ ਦਿੱਤੇ, ਜਿਸ ਤੋਂ ਇਕ ਸ਼ਰਧਾਲੂ ਤੇ ਉੱਚੀ ਭਗਤੀ ਤੇ ਦ੍ਰਿੜ੍ਹ ਇਰਾਦੇ ਦਾ ਪਤਾ ਲਗਦਾ ਹੈ। ਤਲਵੰਡੀ ਸਾਬੋ ਗੁਰੂ ਜੀ ਨੇ ਅੰਮ੍ਰਿਤ-ਪ੍ਚਾਰ ਦੇ ਯੱਗ ਰਚੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਦਾ ਸਰੂਪ ਤਿਆਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੪੮ ਸਿੰਘਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੁਣਾਏ। ਜਿਨ੍ਹਾਂ ਵਿੱਚੋਂ, ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਜੀ ਵੀ ਸਨ।

ਉਂਝ ਤਾਂ ਦੀਨੇ ਤੋਂ ਹੀ ਭਾਈ ਰੂਪ ਚੰਦ ਜੀ ਨੇ ਦਸਮੇਸ਼ ਜੀ ਨਾਲ ਆਪਣੇ ਦੋ ਪੁੱਤਰ-ਧਰਮ ਚੰਦ, ਪਰਮ ਚੰਦ, ਸੇਵਾ ਵਿਚ ਲਗਾਏ ਹੋਏ ਸਨ, ਜਿੱਥੇ ਭਾਈ ਰੂਪ ਚੰਦ ਦੇ ਸਾਰੇ ਪਰਵਾਰ ਨੇ ਅੰਮ੍ਰਿਤ ਛਕਿਆ ਸੀ; ਪ੍ਰੰਤੂ ਦਮਦਮਾ ਸਾਹਿਬ ਨਿਵਾਸ ਸਮੇਂ, ਭਾਈ ਰੂਪ ਚੰਦ, ਦਮਦਮਾ ਸਾਹਿਬ ਤੋਂ ਬਹੁਤ ਦੂਰ ਨਹੀਂ ਸੀ, ਉੱਥੇ ਪੁੱਜ ਕੇ ਸਤਿਗੁਰਾਂ ਦੇ ਦਰਸ਼ਨ ਮੇਲੇ ਵੀ ਕਰਦੇ ਰਹੇ, ਆਪਣੇ ਪਰਵਾਰ ਵੱਲੋਂ ਸੇਵਾ ਵੀ ਕਰਦੇ ਰਹੇ। ਜਿਨ੍ਹਾਂ ਵਸਤਾਂ ਦੀ ਲੋੜ ਪੈਂਦੀ ਰਹੀ ਭੇਜਦੇ ਰਹੇ। ਭਾਈ ਰੂਪੇ ਵਾਲਿਆਂ ਪਾਸ ਇੱਕ ਲਿਖਤੀ ਰੁੱਕਾ ਹੈ ਸੀ, ਜਿਸ ਵਿਚ ਦੁੱਧ ਲਈ ਗਊਆਂ ਮੰਗਵਾਉਣ ਦਾ ਜ਼ਿਕਰ ਸੀ। ਇਹ ਲਿਖਤੀ ਰੁੱਕਾ ਉੱਥੋਂ ਦੀ ਸੰਗਤ ਵਿਚ ਪੁਰਾਣੇ ਲੋਕ ਪੜ੍ਹ ਕੇ ਸੁਣਾਉਂਦੇ ਰਹੇ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਹੁਕਮਨਾਮਿਆਂ ਵਿਚ ਭਾਈ ਰੂਪ ਚੰਦ ਦੇ ਪਰਵਾਰ ਪ੍ਰਤੀ ਭਰੋਸਾ ਤੇ ਉਨ੍ਹਾਂ ਦੇ ਘਰ ਨੂੰ ਆਪਣਾ ਸਮਝਣ ਵਾਲੇ ਵਾਕ, ਦੱਸਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਘਰ ਪ੍ਰਤੀ ਭਰੋਸਾ ਸੀ। ਦੱਖਣ ਜਾਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਸਮਿਆਨਾ ਆਦਿ ਚਾਹੀਦਾ ਸੀ, ਸੰਮਤ ੧੭੬੩, ਕੱਤਕ ਦੇ ਲਿਖੇ ਹੁਕਮਨਾਮੇ ਵਿਚ ਉਸਦਾ ਵਰਣਨ ਹੈ।

ਭਾਈ ਰੂਪ ਚੰਦ ਨੇ ਸਮਿਆਨਾ ਵੀ ਭੇਜਿਆ, ਨਾਲ ਆਪਣੇ ਦੋ ਪੁੱਤਰ ਵੀ, ਜੋ ਪਹਿਲਾਂ ਹੀ ਗੁਰੂ ਜੀ ਦੇ ਸੰਗ-ਸਾਥ ਰਹਿੰਦੇ ਸੀ ਭੇਜੇ। ਪ੍ਰਾਚੀਨ ਸਾਖੀ ਵਿਚ ਜ਼ਿਕਰ ਆਉਂਦਾ ਹੈ ਕਿ ਦੱਖਣ ਜਾਣ ਸਮੇਂ ਜਿੱਥੇ ਸ੍ਰੀ ਗੁਰੂ ਜੀ ਨੇ ਨਿਵਾਸ ਕਰਨਾ ਹੁੰਦਾ ਹੈ, ਉੱਥੇ ਇਹ ਦੋਵੇਂ ਪਹਿਲਾਂ ਪੁੱਜ ਕੇ, ਨੇੜੇ ਦੇ ਰੁੱਖਾਂ ਵਿੱਚੋਂ ਚਾਰੇ ਪਾਸੀਂ ਮੰਜਿਆਂ ਦੇ ਪਾਵਿਆਂ ਵਾਂਗ, ਘਾਹ ਦੇ ‘ਸੁੱਬ ਬੰਨ੍ਹ ਕੇ, ਥੋੜੇ ਸਮੇਂ ਵਿਚ ਹੀ ਗੁਰੂ ਜੀ ਦੇ ਵਿਸ਼ਰਾਮ ਹੀ ਲਈ ਅਨੋਖੀ ਕਿਸਮ ਦਾ ਪਲੰਘ ਤਿਆਰ ਕਰਦੇ ਰਹੇ ਸਨ।

ਗੁਰੂ ਜੀ ਨੇ ਇਨ੍ਹਾਂ ਪ੍ਰੇਮੀ ਸਿੱਖਾਂ ਦੀ ਘਾਲਣਾ ਦੇਖ ਕੇ ਰਸਤੇ ਵਿੱਚੋਂ ਕੁਝ ਵਸਤਾਂ ਇਨ੍ਹਾਂ ਨੂੰ ਸੌਂਪ ਕੇ ਵਾਪਸ ਕੀਤਾ। ਵਸਤੂਆਂ ਦਾ ਵੇਰਵਾ- ਇੱਕ ਪਾਠ ਦੀ ਪੁਸਤਕ, ਇੱਕ ਤਲਵਾਰ, ਇੱਕ ਕਰਦ, ਇੱਕ ਛੋਟਾ ਖੰਡਾ ਬਖਸ਼ੇ। ਭਾਈ ਧਰਮ ਸਿੰਘ ਅਤੇ ਪਰਮ ਸਿੰਘ ਭਾਈ ਰੂਪੇ ਪੁੱਜੇ, ਓਸ ਵੇਲੇ ਭਾਈ ਰੂਪ ਚੰਦ ਜੀ ਬ੍ਰਿਧ ਸਰੀਰ ਵਿਚ ਸਨ, ਉਨ੍ਹਾਂ ਆਪਣੇ ਪੁੱਤਰਾਂ ਉੱਤੇ ਰੰਜ ਕੀਤਾ ਕਿ, ਤੁਸੀਂ ਰਾਹ ਵਿੱਚੋਂ ਕਿਉਂ ਮੁੜ ਆਏ ਹੋ, ਜਾਓ ਗੁਰੂ ਜੀ ਦੇ ਸੰਗ ਸਾਥ ਹੀ ਰਹੋ।

ਪਿਤਾ ਦਾ ਹੁਕਮ ਸੁਣ ਕੇ ਦੋਵੇਂ ਭਰਾ ਫਿਰ ਗੁਰੂ ਜੀ ਕੋਲ ਪੁੱਜੇ। ਇਸ ਸਮੇਂ ਦਸਮੇਸ਼ ਜੀ ਆਗਰੇ ਬਹਾਦਰ ਸ਼ਾਹ ਪਾਸ ਰੁਕ ਕੇ, ਇਸ ਪਿੱਛੋਂ ਬੁਰਹਾਨਪੁਰ ਹੁੰਦੇ ਹੋਏ ਨੰਦੇੜ ਜਾ ਠਹਿਰੇ।

ਨੰਦੇੜ ਵਿਚ ਸਤਿਗੁਰਾਂ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਦੋਵੇਂ ਭਰਾ, ਵਾਪਸ ਭਾਈ ਰੂਪੇ ਪੁੱਜੇ। ਉਨਾਂ ਨੂੰ ਭਾਈ ਰੂਪ ਚੰਦ ਨੇ ਸਤਿਗੁਰਾਂ ਦੀ ਖ਼ਬਰ ਸਾਰ ਪੁੱਛੀ ਤਾਂ ਉਨ੍ਹਾਂ ਨੇ ਹੰਝੂਆਂ ਦੀ ਝੜੀ ਵਿਚ ਚਲਾਣਾ ਕਰ ਜਾਣ ਦੀ ਖ਼ਬਰ ਸੁਣਾਈ। ਖ਼ਬਰ ਸੁਣ ਕੇ ਭਾਈ ਰੂਪ ਚੰਦ ਜੀ ਨੇ ਲੰਮਾ ਸਾਹ ਲਿਆ। ਉਸ ਦਿਨ ਤੋਂ ਆਪ ਜੀ ਬਹੁਤ ਸਮਾਂ ਇਕਾਂਤ ਵਿਚ ਰਹਿੰਦੇ ਹੋਏ ਸਮਾਧੀ ਵਿਚ ਬਿਤਾਉਣ ਲੱਗੇ। ਕੁਝ ਲਿਖਤਾਂ ਮੁਤਾਬਕ ਸੰਮਤ ੧੭੬੬ ਸਾਵਣ ਨੂੰ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।

ਇਕ ਸੰਕਲਪ ਵੀ ਆਪ ਜੀ ਦੇ ਚਲਾਣੇ ਤੋਂ ਪਹਿਲਾਂ ਕੀਤਾ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਦੇਹ ਦਾ ਸਸਕਾਰ ਉੱਥੇ ਕੀਤਾ ਜਾਵੇ, ਜਿੱਥੇ ਉਨ੍ਹਾਂ ਦੀਆਂ ਗਊਆਂ ਦੇ ਵੱਗ ਇਕ ਢਾਬ ਉੱਤੇ ਰੁੱਖਾਂ ਹੇਠ ਰਹਿੰਦੇ ਹਨ।

(ਪੁਸਤਕ ‘ਭਾਈ ਰੂਪ ਚੰਦ ਅਤੇ ਉਨ੍ਹਾਂ ਦਾ ਵੰਸ਼’ ਵਿੱਚੋਂ ਧੰਨਵਾਦ ਸਹਿਤ)।

– ਗਿਆਨੀ ਗੁਰਦਿੱਤ ਸਿੰਘ

The post ਦਸਮੇਸ਼ ਪਿਤਾ ਜੀ ਦਾ ਦੀਨੇ ਆਉਣਾ appeared first on Sikh Pakh.

...more
View all episodesView all episodes
Download on the App Store

Sikh Pakh PodcastBy Sikh Pakh

  • 5
  • 5
  • 5
  • 5
  • 5

5

1 ratings