ਜੌਰਜ ਔਰਵੈਲ ਨੇ 1949 ਵਿੱਚ ‘1984’ ਨਾਮੀ ਨਾਵਲ ਲਿਖਿਆ ਸੀ ਅਤੇ ਦਰਸਾਇਆ ਸੀ ਕਿ ਕਿਵੇਂ ਸਟੇਟ ਦੀ ਜਸੂਸੀ ਅੱਖ ਹਰ ਥਾਂ, ਹਰ ਵੇਲੇ ਸਭ ਕੁਝ ਉੱਤੇ ਨਿਗਾਹ ਰੱਖਦੀ ਹੈ, ਅਤੇ ਕਿਵੇਂ ‘ਬਿੱਗ ਬ੍ਰਦਰ’ ਹਰ ਥਾਂ ਹਾਜਿਰ ਰਹਿੰਦਾ ਹੈ, ਜਿਸ ਨੇ ਲੋਕਾਂ ਦੀ ਜਿੰਦਗੀ ਦੇ ਹਰ ਇੱਕ ਪੱਖ ਨੂੰ ਕਾਬੂ ਕਰ ਰੱਖਿਆ ਹੈ। ‘ਬਿੱਗ ਬ੍ਰਦਰ’ ਨੇ ‘ਨਿਊਜਪੀਕ’ ਨਾਮੀ ਬੋਲੀ ਦੀ ਘਾੜਤ ਕੀਤੀ ਹੋਈ ਹੈ ਜਿਸ ਰਾਹੀਂ ਉਹ ਲੋਕਾਂ ਦੀ ਸੋਚ ਨੂੰ ਕਾਬੂ ਕਰਦਾ ਹੈ, ਤੇ ਲੋਕਾਂ ਨੂੰ ਅਜਿਹਾ ਕੁਝ ਸੋਚਣ ਦੀ ਵੀ ਮਨਾਹੀ ਹੈ ਜੋ ਕਿ ‘ਬਿੱਗ ਬ੍ਰਦਰ’ ਵੱਲੋਂ ਬਗਾਵਤੀ ਮੰਨਿਆ ਜਾਂਦਾ ਹੋਵੇ। ਅਜਿਹਾ ਸੋਚਣਾ ਬਕਾਇਦਾ ਜ਼ੁਰਮ ਐਲਾਨਿਆ ਗਿਆ ਹੁੰਦਾ ਹੈ ਤੇ ਇਸ ਜ਼ੁਰਮ ਲਈ ਸਖਤ ਸਜਾਵਾਂ ਸੁਣਾਈਆਂ ਜਾਂਦੀਆਂ ਹਨ। ਲਿਖਤ ਵਿੱਚ ਜੌਰਜ ਔਰਵੈਲ ਦਰਸਾਉਂਦਾ ਹੈ ਕਿ ਕਿਵੇਂ ਖਬਰਖਾਨਾ ਕਾਬੂ ਕੀਤਾ ਗਿਆ ਹੁੰਦਾ ਹੈ, ਕਿਵੇਂ ਸਰਕਾਰ ਸਭ ਕਾਸੇ ਦੀ ਜਸੂਸੀ ਕਰਦੀ ਹੈ, ਕਿਵੇਂ ਹਾਕਮ ਵੱਲੋਂ ਇਤਿਹਾਸ, ਵਿਚਾਰ ਅਤੇ ਜਿੰਦਗੀਆਂ ਨੂੰ ਇੰਝ ਕਾਬੂ ਕੀਤਾ ਗਿਆ ਹੁੰਦਾ ਹੈ ਕਿ ਇਸ ਵਿੱਚੋਂ ਬਚ ਨਿੱਕਲਣਾ ਅਸੰਭਵ ਲੱਗਦਾ ਹੈ।
ਜੌਰਜ ਔਰਵੈਲ ਦਾ ‘1984’ ‘ਬਿੱਗ ਬ੍ਰਦਰ’ ਵੱਲੋਂ ਜਿੰਦਗੀ ਦੇ ਸਾਰੇ ਪੱਖਾਂ ਵਿੱਚ ਦਖਲ ਦੇ ਕੇ ਉਨ੍ਹਾਂ ਨੂੰ ਕਾਬੂ ਕਰ ਲੈਣ ਦੇ ਦ੍ਰਿਸ਼ ਸਿਰਜਦਾ ਹੈ। ਅਗਲੇ ਬੰਦਾਂ ਵਿੱਚ ਕੁਝ ਅਜਿਹੇ ਮਾਮਲਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਸ ਨਾਲ ਜੌਰਜ ਔਰਵੈਲ ਦੇ ‘1984’ ਵਿੱਚ ਹਕੂਮਤੀ ਜਕੜ ਦੇ ਚਿਤਰੇ ਗਏ ਦ੍ਰਿਸ਼ ਦੀਆਂ ਝਲਕਾਂ ਅੱਜ ਦੇ ਮਹੌਲ ਵਿੱਚ ਸਾਫ ਨਜ਼ਰ ਆ ਜਾਣਗੀਆਂ।