ਅੱਜ ਜਦੋਂ ਮਨੁੱਖਤਾ ਕਰੋਨਾ ਮਹਾਂਮਾਰੀ ਦੀ ਮਾਰ ਹੇਠ ਹੈ ਤਾਂ ਇੱਕ ਵਾਰ ਮੁੜ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਰਬੱਤ ਦੇ ਭਲੇ ਆਸ਼ੇ ਮੁਤਾਬਿਕ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਸੰਸਥਾਵਾਂ ਦੀ ਵਡਿਆਈ ਸੰਸਾਰ ਵਿੱਚ ਉਜਾਗਰ ਕਰ ਰਹੇ ਹਨ। ਪਿਛਲੇ ਸਾਲ ਜਦੋਂ ਕਰੋਨਾ ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਤਾਲਾਬੰਦੀ ਹੋਈ ਸੀ ਤਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖਾਂ ਨੇ ਲੋੜਵੰਦਾਂ ਤੱਕ ਰਸਦ-ਪਾਣੀ ਤੇ ਪਰਸ਼ਾਦੇ ਪਹੁੰਚਾਏ ਸਨ। ਹੁਣ ਜਦੋਂ ਇੰਡੀਆ ਵਿੱਚ ਕਰੋਨਾ ਮਹਾਂਮਾਰੀ ਦੇ ਪਰਕੋਪ ਸਾਹਮਣੇ ਆਪਣੇ ਨਾਕਾਫੀ ਪ੍ਰਬੰਧਾਂ ਕਰਕੇ ਸਰਕਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਨਾਕਾਮ ਸਾਬਿਤ ਹੋ ਰਹੀਆਂ ਹਨ ਤਾਂ ਸਿੱਖ ਗੁਰਦੁਆਰਾ ਸਾਹਿਬਾਨ ਰਾਹੀਂ ਤਰਾਹੇਮਾਮ ਕਰ ਰਹੀ ਲੋਕਾਈ ਦੇ ਭਲੇ ਹਿਤ ਜੁਟ ਗਏ ਹਨ। ਦਿੱਲੀ, ਗਾਜ਼ੀਆਬਾਦ ਸਮੇਤ ਇਸ ਖਿੱਤੇ ਦੇ ਵੱਖ-ਵੱਖ ਹਿੱਸਿਆਂ ਵਿਚਲੇ ਅਨੇਕਾਂ ਗੁਰਦੂਆਰਾ ਸਾਹਿਬਾਨ ਸਾਹ ਦੀ ਤਕਲੀਫ ਤੋਂ ਪੀੜਿਤ ਹਜ਼ਾਰਾਂ ਜੀਆਂ ਲਈ ‘ਆਕਸੀਜਨ’ ਦੀ ਸੇਵਾ ਕਰ ਰਹੇ ਹਨ। ਦੁਨੀਆ ਭਰ ਦੇ ਵੱਡੇ ਖਬਰ ਅਦਾਰੇ ਵਿਖਾ ਰਹੇ ਹਨ ਕਿ ਕਿਵੇਂ ਜੋ ਕਾਰਜ ਕਰਨ ਵਿੱਚ ਸਮਰੱਥ ਕਹਾਉਂਦੀਆਂ ਸਰਕਾਰਾਂ ਵੀ ਨਾਕਾਮ ਸਾਬਿਤ ਹੋ ਰਹੀਆਂ ਹਨ ਉਹ ਕਾਰਜ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬਾਨ ਰਾਹੀਂ ਕੀਤਾ ਜਾ ਰਿਹਾ ਹੈ। ਜਿੱਥੇ ਸਰਕਾਰਾਂ ਹਸਪਤਾਲਾਂ ਵਿੱਚ ਬੈਡਾਂ ਦੀ ਕਮੀ ਨਾਲ ਦੋ ਚਾਰ ਹਨ ਸਿੱਖ ਗੁਰਦੁਆਰਾ ਸਾਹਿਬਾਨ ਵੱਲੋਂ ਮੌਕੇ ਦੇ ਹਾਲਾਤ ਮੁਤਾਬਿਕ ਲੋਕਾਂ ਨੂੰ ਉਹਨਾਂ ਦੇ ਸਾਧਨਾਂ ਉੱਤੇ ਹੀ ‘ਆਕਸੀਜਨ’ ਲਗਾ ਕੇ ਨਾ ਸਿਰਫ ਬੇਲੋੜੀਆਂ ਕਾਰਵਾਈਆਂ ਦੀ ਤਕਲੀਫ ਤੋਂ ਬਚਾਇਆ ਜਾ ਰਿਹਾ ਹੈ ਬਲਕਿ ਬਿਨਾ ਸਮਾਂ ਗਵਾਏ ਇੱਕ ਇੱਕ ਸਾਹ ਲਈ ਬੇਹਾਲ ਹੋਏ ਜੀਆਂ ਦੀ ਜਾਨ ਸੁਖਾਲੀ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਿਜਲ ਸੱਥ ਉੱਤੇ ਕੁਝ ਸੱਜਣਾਂ ਵੱਲੋਂ ਇਤਰਾਜ ਚੁੱਕੇ ਹਨ ਕਿ ਸਿੱਖ ਬਿਨਾ ਵਜਹ ਆਪਣਾ ਸਿਰਮਾਇਆ ਖਚਤ ਕਰ ਰਹੇ ਹਨ। ਮੁੱਖ ਰੂਪ ਵਿੱਚ ਦੋ ਦਲੀਲਾਂ ਨਜ਼ਰੀ ਪਈਆਂ ਹਨ ਕਿ ਸਿੱਖ ‘ਆਪਣਿਆਂ’ ਦੀ ਤਾਂ ਸਾਰ ਨਹੀਂ ਲੈਂਦੇ ਪਰ ‘ਦੂਜਿਆਂ’ ਉੱਤੇ ਆਪਣਾ ਸਿਰਮਾਇਆ ਲੁਟਾਉਣ ਲਈ ਐਵੇਂ ਤਾਹੂ ਹੋ ਜਾਂਦੇ ਹਨ। ਕਈਆਂ ਦਾ ਕਹਿਣਾ ਹੈ ਕਿ ਜਿਹਨਾਂ ਲੋਕਾਂ ਦੀ ਸਿੱਖ ਮਦਦ ਕਰ ਰਹੇ ਹਨ ਉਹ ਉਸ ਰਾਜ ਦੇ ਬਾਸ਼ਿੰਦੇ ਹਨ ਜਿਹੜਾ ਸਿੱਖਾਂ ਉੱਤੇ ਜੁਲਮ ਕਰਦਾ ਹੈ ਅਤੇ ਸਿੱਖਾਂ ਨੂੰ ਇਨਸਾਫ ਦੇਣ ਤੋਂ ਮੁਨਕਰ ਹੈ। ਇਹ ਦੋਵੇਂ ਦਲੀਲਾਂ ਹੀ ਵਾਜਿਬ ਨਹੀਂ ਠਹਿਰਾਈਆਂ ਜਾ ਸਕਦੀਆਂ। ਪਹਿਲੀ ਗੱਲ ਕਿ ਇੱਕ ਖਾਮੀ ਕਿਸੇ ਨੂੰ ਕੋਈ ਦੂਜਾ ਚੰਗਾ ਕਾਰਜ ਕਰਨ ਤੋਂ ਰੋਕਣ ਦਾ ਸਬੱਬ ਨਹੀਂ ਬਣਨੀ ਚਾਹੀਦੀ; ਬਲਿਕ ਚਾਹੀਦਾ ਤਾਂ ਇਹ ਹੈ ਕਿ ਚੰਗੇ ਕਾਰਜ ਜਾਰੀ ਰੱਖਦਿਆਂ ਪਿਛਲੀਆਂ ਖਾਮੀਆਂ ਦੂਰ ਕਰਨ ਵੱਲ ਵੀ ਧਿਆਨ ਦਿੱਤਾ ਜਾਵੇ। ਦੂਜਾ ਗੁਰੂ ਸਾਹਿਬ ਨੇ ਸਿੱਖ ਨੂੰ ਸਾਫ ਤਾਕੀਦ ਕੀਤੀ ਹੈ ਕਿ ‘ਨੀਚਾਂ ਦੀ ਰੀਸ’ ਨਹੀਂ ਕਰਨੀ। ਇਸ ਲਈ ਇਹ ਕਹਿਣਾ ਵੀ ਵਾਜਿਬ ਨਹੀਂ ਹੈ ਕਿ ਸਿੱਖ ਉੱਤੇ ਜੁਲਮ ਕਰਨ ਵਾਲੇ ਰਾਜ ਦੇ ਨਾਗਰਿਕਾਂ ਨੂੰ ਮੌਤ ਦੇ ਮੂਹੋਂ ਬਚਾਉਣ ਦਾ ਯਤਨ ਨਾ ਕੀਤਾ ਜਾਵੇ। ਕਿਸੇ ਦੀ ਬੁਰਾਈ ਦੇ ਹਵਾਲੇ ਨਾਲ ਸਿੱਖ ਆਪਣਾ ਗੁਣ ਨਹੀਂ ਗਵਾ ਸਕਦੇ। ਤੀਜਾ, ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ‘ਸਰਬੱਤ ਦੇ ਭਲੇ ਦਾ ਆਸ਼ਾ’ ਵੈਲਫੇਅਰ ਸੇਟਟ ਸਿਧਾਂਤ ਵਾਙ ਕਿਸੇ ਖਾਸ ਵਰਗ ਜਾਂ ਹਿੱਸੇ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਤੋਂ ਬਹੁਤ ਵਿਸ਼ਾਲ ਹੈ ਤੇ ਸਮੁੱਚੀ ਕਾਇਨਾਤ ਤੱਕ ਵਿਆਪਕ ਹੈ। ਇਸ ਮਾਮਲੇ ਵਿੱਚ ਭਾਈ ਘਨ੍ਹੀਆ ਜੀ ਦੀ ਸਾਖੀ ਸਿੱਖ ਜਗਤ ਲਈ ਇੱਕ ਅਹਿਮ ਚਾਨਣ ਮੁਨਾਰਾ ਹੈ।