Sikh Pakh Podcast

ਮਰਨ ਵਰਤ ਦਾ ਪੈਂਤੜਾ


Listen Later

ਸਿੱਖਾਂ ਅੰਦਰ ਜਿਥੇ ਰਣ ਤੱਤੇ ਵਿੱਚ ਜੂਝ ਮਰਨ ਦੀ ਪਰੰਪਰਾ ਹੈ, ਉਥੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਵੀ ਅਸੂਲ ਹੈ। ਗੁਰਸਿੱਖੀ ਨਾ ਕਿਸੇ ਨੂੰ ਭੈਅ ਦੇਣ ਅਤੇ ਨਾ ਹੀ ਕਿਸੇ ਦਾ ਭੈਅ ਮੰਨਣ ਦੀ ਧਾਰਨੀ ਹੈ ਅਤੇ ਸਾਹਿਬ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਇਹ ਵੀ ਹੈ ਕਿ ਜਦੋਂ ਸਾਰੇ ਹੀਲੇ ਫੇਲ੍ਹ ਹੋ ਜਾਣ ਤਾਂ ਤਲਵਾਰ ਉਠਾਉਣਾ ਜਾਇਜ਼ ਹੈ। ਇਸ ਸਾਰੇ ਗੁਰਮਤਿ ਦ੍ਰਿਸ਼ਟੀਕੋਣ ਅੰਦਰ ਮਰਨ ਵਰਤ ਆਦਿਕ ਨੀਤੀਆਂ ਵੱਲ ਸਿੱਖ ਆਗੂਆਂ ਦਾ ਰੁਝਾਨ ਪਤਾ ਨਹੀਂ ਕਿਸ ਨੀਤੀ ਤਹਿਤ ਹੋ ਗਿਆ। ਬੇਸ਼ੱਕ ਭਾਈ ਰਣਧੀਰ ਸਿੰਘ ਹੁਰਾਂ ਨੇ ਅੰਗਰੇਜ਼ ਦੀਆਂ ਜੇਲ੍ਹਾਂ ਅੰਦਰ ਲੰਮੀਆਂ ਹੜਤਾਲਾਂ ਕੀਤੀਆਂ ਸਨ ਪਰ ਇਹ ਹੜਤਾਲਾਂ ਅਰਥ ਪੱਖੋਂ ਭੁੱਖ ਹੜਤਾਲਾਂ ਨਹੀਂ ਸਨ। ਭਾਈ ਰਣਧੀਰ ਸਿੰਘ ਦੀ ਗੁਰਮਤਿ ਰਹਿਣੀ ਅਨੁਸਾਰ ਰੋਜ਼ ਸਵੇਰੇ ਇਸ਼ਨਾਨ ਸੋਧ ਕੇ ਕੇਸ ਸਵਾਰਨ ਮਗਰੋਂ ਨਿੱਤਨੇਮ ਕਰਨ ਪਿੱਛੋਂ ਕੁਝ ਵੀ ਛਕਦੇ ਛਕਾਉਂਦੇ ਸਨ। ਜੇਲ੍ਹ ਅਧਿਕਾਰੀਆਂ ਵੱਲੋਂ ਕੇਸਾਂ ਨੂੰ ਲਾਉਣ ਲਈ ਤੇਲ ਉਪਲਬਧ ਨਾ ਕਰਵਾਉਣ ਕਾਰਨ ਉਹ ਆਪਣੀ ਰੋਜ਼ ਮਰਾ ਦੀ ਗੁਰਸਿੱਖੀ ਜੁਗਤ ਅਨੁਸਾਰ ਚੱਲਣ ਤੋਂ ਅਸਮਰਥ ਸਨ। ਉਨ੍ਹਾਂ ਖਾਣੇ ਦਾ ਤਿਆਗ ਨਹੀਂ ਕੀਤਾ ਸੀ ਪਰ ਉਹ ਆਪਣੇ ਨਿੱਤਨੇਮ ਬਿਨਾਂ ਭੋਜਨ ਛਕਣ ਤੋਂ ਅਸਮਰਥ ਸਨ ਅਤੇ ਨਿੱਤਨੇਮ ਤੋਂ ਪਹਿਲਾਂ ਕੇਸ ਸਵਾਰਨੇ ਲਾਜ਼ਮੀ ਸਨ। ਅਕਾਲੀ ਸਿਆਸਤ ਅੰਦਰ ਆਰੰਭ ਹੋਈ ਭੁੱਖ ਹੜਤਾਲਾਂ, ਮਰਨ ਵਰਤਾਂ ਦੀ ਇਹ ਪਰਿਪਾਟੀ ਹੁਣ ਏਨੀ ਜ਼ਿਆਦਾ ਫੈਲ ਗਈ ਹੈ ਕਿ ਪੰਥ ਅੰਦਰ ਅਜੀਬੋ-ਗਰੀਬ ਮੁੱਦਿਆਂ ਉਪਰ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਸਭ ਤੋਂ ਪਹਿਲਾਂ 1 ਜੂਨ 1935 ਨੂੰ ਬੰਬਈ ਨਿਵਾਸੀ ਬੀਬੀ ਅੰਮ੍ਰਿਤ ਕੌਰ ਨੇ ਪੰਥਕ ਏਕਤਾ ਲਈ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਪਰ ਕੁਝ ਆਗੂਆਂ ਦੀ ਸਲਾਹ ਮੰਨਦਿਆਂ ਆਪਣਾ ਫੈਸਲਾ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਕਿ ਉਦੋਂ ਤੱਕ ਪੰਥ ਵਿੱਚ ਏਕਤਾ ਹੋ ਜਾਵੇਗੀ।

1952 ਵਿੱਚ ਪੈਪਸੂ ਦੇ ਅਕਾਲੀ ਆਗੂ ਜਥੇਦਾਰ ਸੰਪੂਰਨ ਸਿੰਘ ਰਾਮਾ ਨੇ ਵੀ ਪੰਜਾਬੀ ਸੂਬੇ ਲਈ ਮਰਨ ਵਰਤ ਰੱਖਿਆ ਪਰ ਸਿਹਤ ਖਰਾਬ ਹੋਣ ਦੀ ਵਜ੍ਹਾ ਨਾਲ ਇਹ ਵਰਤ ਤੁੜਵਾ ਦਿੱਤਾ ਗਿਆ।

6 ਅਪ੍ਰੈਲ 1959 ਨੂੰ ਗੁਰਦੁਆਰਿਆਂ ਵਿੱਚ ਸਰਕਾਰੀ ਦਖਲ 16 ਅਪ੍ਰੈਲ ਤੱਕ ਬੰਦ ਨਾ ਹੋਣ ’ਤੇ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖਣ ਦੀ ਧਮਕੀ ਵੀ ਦਿੱਤੀ।

ਪੰਜਾਬੀ ਸੂਬਾ ਮੋਰਚੇ ਦੌਰਾਨ 29 ਅਕਤੂਬਰ 1960 ਨੂੰ ਜਥੇਦਾਰ ਹਰਚਰਨ ਸਿੰਘ ਹੁਡਿਆਰਾ ਨੇ ਮਰਨ ਵਰਤ ਰੱਖਣ ਲਈ ਆਪਣਾ ਨਾਮ ਪੇਸ਼ ਕੀਤਾ। ਇਸ ਦਿਨ ਹੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਮੋਰਚਾ ਡਿਕਟੇਟਰ ਸੰਤ ਫਤਹਿ ਸਿੰਘ ਨੇ ਐਲਾਨ ਕੀਤਾ ਕਿ ਉਹ 18 ਦਸੰਬਰ ਨੂੰ ਮਰਨ ਵਰਤ ਸ਼ੁਰੂ ਕਰਨਗੇ।

ਮਾਸਟਰ ਤਾਰਾ ਸਿੰਘ

17 ਨਵੰਬਰ 1960 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਇਜਲਾਸ ਹੋਇਆ ਜਿਸ ਵਿੱਚ ਸੰਤ ਫਤਹਿ ਸਿੰਘ ਨੂੰ ਮਰਨ ਵਰਤ ਰੱਖਣ ਦੀ ਆਗਿਆ ਦਿੱਤੀ ਗਈ। ਉਨ੍ਹਾਂ ਮਗਰੋਂ ਸੰਤ ਰਾਮ ਸਿੰਘ, ਕਰਤਾਰ ਸਿੰਘ, ਭਾਨ ਸਿੰਘ ਜਲਾਲਪੁਰੀ, ਸੰਤ ਦਰਸ਼ਨ ਸਿੰਘ ਭਿੰਡਰਾਂਵਾਲੇ, ਸੰਤ ਅਰਜਨ ਸਿੰਘ ਬਠਿੰਡਾ, ਪ੍ਰੀਤਮ ਸਿੰਘ ਸ਼ਰੀਂਹ, ਗੁਰਦਿਆਲ ਸਿੰਘ, ਜੈ ਸਿੰਘ ਫ਼ਿਰੋਜ਼ਪੁਰ ਅਤੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨੇ ਵੀ ਭੁੱਖ ਹੜਤਾਲ ਦਾ ਐਲਾਨ ਕੀਤਾ। ਮਾਸਟਰ ਤਾਰਾ ਸਿੰਘ ਨੇ ਜੇਲ੍ਹ ਅੰਦਰੋਂ ਹੀ ਮਰਨ ਵਰਤ ਰੱਖਣ ਦੀ ਇੱਛਾ ਵਿਅਕਤ ਕੀਤੀ ਪਰ ਇਸਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਕਾਂਗਰਸੀ ਸਿੱਖ ਆਗੂਆਂ ਨੇ ਮਰਨ ਵਰਤ ਨੂੰ ਸਿੱਖ ਸਿਧਾਂਤਾਂ ਦੇ ਉਲਟ ਆਖਦਿਆਂ ਇਸਨੂੰ ਪਾਖੰਡ ਆਖਿਆ।

18 ਨਵੰਬਰ ਤੋਂ ਸ਼ੁਰੂ ਹੋਇਆ ਮਰਨ ਵਰਤ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਭਰੋਸੇ ’ਤੇ 9 ਜਨਵਰੀ 1961 ਨੂੰ ਤੋੜ ਦਿੱਤਾ ਗਿਆ।

ਮਾਸਟਰ ਤਾਰਾ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਪਰਲੀ ਮੰਜ਼ਲ ’ਤੇ 15 ਅਗਸਤ 1961 ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ। 28 ਅਗਸਤ ਨੂੰ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਨੂੰ ਅਸੂਲੀ ਤੌਰ ’ਤੇ ਮੰਨ ਲੈਣ ਦੀ ਸ਼ਰਤ ’ਤੇ ਮਰਨ ਵਰਤ ਛੱਡਣ ਦੀ ਪੇਸ਼ਕਸ਼ ਕੀਤੀ। ਸਾਰੀ ਭੱਜ ਨੱਠ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਾਫ਼ੀ ਬਹਿਸ ਮਗਰੋਂ ਮਾਸਟਰ ਤਾਰਾ ਸਿੰਘ ਦਾ ਵਰਤ ਤੁੜਵਾਉਣ ਦਾ ਫੈਸਲਾ ਕਰ ਲਿਆ। ਮਰਨ-ਵਰਤ ਦੇ 48ਵੇਂ ਦਿਨ ਮਾਸਟਰ ਤਾਰਾ ਸਿੰਘ ਨੇ 1 ਅਕਤੂਬਰ 1961 ਨੂੰ ਸ਼ਾਮ ਸੱਤ ਵਜੇ ਵਰਤ ਤੋੜ ਦਿੱਤਾ।

ਸੰਤ ਫਤਹਿ ਸਿੰਘ

16 ਅਗਸਤ 1965 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਵਿੱਚ ਸੰਤ ਫਤਹਿ ਸਿੰਘ ਨੇ ਐਲਾਨ ਕੀਤਾ ਕਿ ‘ਜੇ ਕੇਂਦਰ ਸਰਕਾਰ ਵੱਲੋਂ 10 ਸਤੰਬਰ ਤੱਕ ਪੰਜਾਬੀ ਸੂਬਾ ਨਾ ਬਣਾਇਆ ਗਿਆ ਤਾਂ ਉਸ ਦਿਨ ਹੀ ਮਰਨ-ਵਰਤ ਰੱਖਿਆ ਜਾਵੇਗਾ ਅਤੇ 2 ਹਫ਼ਤਿਆਂ ਦੇ ਵਰਤ ਮਗਰੋਂ 25 ਸਤੰਬਰ ਨੂੰ ਸੰਤ ਫਤਹਿ ਸਿੰਘ ਆਪਣੇ-ਆਪ ਨੂੰ ਅਗਨ-ਭੇਂਟ ਕਰ ਲੈਣਗੇ। ਜੇ ਉਸ ਨੂੰ ਅਗਨ-ਭੇਂਟ ਹੋਣ ਦੀ ਨੌਬਤ ਆ ਗਈ ਤਾਂ ਉਨ੍ਹਾਂ ਪਿੱਛੋਂ ਹੋਰ ਨੇਤਾ ਵੀ ਆਪਣੇ-ਆਪ ਨੂੰ ਅਗਨ-ਭੇਂਟ ਕਰ ਦੇਣਗੇ।’

10 ਸਤੰਬਰ ਨੂੰ ਮਰਨ ਵਰਤ ਸ਼ੁਰੂ ਹੋਣਾ ਸੀ ਪਰ 9 ਸਤੰਬਰ ਨੂੰ ਅਕਾਲੀ ਦਲ (ਸੰਤ) ਦੀ ਵਰਕਿੰਗ ਕਮੇਟੀ ਨੇ ਉਸਨੂੰ ਵਰਤ ਅਤੇ ਆਤਮਦਾਹ ਦਾ ਫੈਸਲਾ ਮੁਲਤਵੀ ਕਰਨ ਦਾ ਆਦੇਸ਼ ਦਿੱਤਾ। ਭਾਰਤ ਪਾਕਿ ਯੁੱਧ ਦੇ ਬਹਾਨੇ ਨਾਲ ਸੰਤ ਫਤਹਿ ਸਿੰਘ ਨੇ ਵਰਤ ਰੱਖਣ ਦਾ ਐਲਾਨ ਰੱਦ ਕਰ ਦਿੱਤਾ।

5 ਦਸੰਬਰ 1966 ਨੂੰ ਸੰਤ ਫਤਹਿ ਸਿੰਘ ਨੇ ਚੰਡੀਗੜ੍ਹ ਅਤੇ ਹੋਰ ਮਸਲਿਆਂ ਦੇ ਹੱਲ ਲਈ 17 ਦਸੰਬਰ ਨੂੰ ਮਰਨ ਵਰਤ ਰੱਖਣ ਦਾ ਅਤੇ 10 ਦਿਨ ਬਾਅਦ 27 ਦਸੰਬਰ ਨੂੰ ਆਤਮਦਾਹ ਕਰਨ ਦਾ ਐਲਾਨ ਕੀਤਾ। ਉਨ੍ਹਾਂ ਵੱਲੋਂ ਇਸ ਬਾਰੇ ਲਿਖਤੀ ਪ੍ਰਣ ਕਰਦਿਆਂ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, ਭਾਖੜਾ ਅਤੇ ਹੋਰ ਪ੍ਰਾਜੈਕਟ ਪੰਜਾਬ ਨੂੰ ਸੌਂਪਣ ਅਤੇ ਸਾਂਝੀਆਂ ਕੜੀਆਂ ਤੋੜਨ ਦੇ 3 ਨੁਕਾਤੀ ਏਜੰਡੇ ਤਹਿਤ ਮਰਨ ਵਰਤ ਰੱਖਣਾ ਸੀ। ਸੰਤ ਫਤਹਿ ਸਿੰਘ ਪਿੱਛੋਂ ਸੰਤ ਚੰਨਣ ਸਿੰਘ, ਜਥੇਦਾਰ ਜੀਵਨ ਸਿੰਘ ਉਮਰਾਨੰਗਲ, ਮੱਲ ਸਿੰਘ ਚੜਿੱਕ, ਦਲੀਪ ਸਿੰਘ ਤਲਵੰਡੀ, ਹਜ਼ਾਰਾ ਸਿੰਘ ਗਿੱਲ ਅਤੇ ਜਗੀਰ ਸਿੰਘ ਫੱਗੂਵਾਲੀਆ ਨੇ ਵੀ ਮਰਨ ਵਰਤ ਰੱਖ ਕੇ ਸੜ ਮਰਨਾ ਸੀ।

ਸੰਤ ਫਤਹਿ ਸਿੰਘ ਤੋਂ ਪਹਿਲਾਂ ਹਜ਼ਾਰਾ ਸਿੰਘ ਗਿੱਲ ਨੇ 16 ਦਸੰਬਰ ਨੂੰ ਹੀ ਮਰਨ ਵਰਤ ਰੱਖ ਲਿਆ। ਅਗਲੇ ਦਿਨ 11 ਵਜੇ ਸੰਤ ਫਤਹਿ ਸਿੰਘ ਨੇ ਵੀ ਬਾਸ਼ਰਤ ਮਰਨ-ਵਰਤ ਰੱਖ ਲਿਆ। ਸਖਤ ਸ਼ਰਤ ਇਹ ਸੀ ਕਿ ਜੇ 27 ਦਸੰਬਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 27 ਦਸੰਬਰ ਨੂੰ ਸ਼ਾਮ 4 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਆਤਮਦਾਹ ਕਰ ਲੈਣਗੇ। ਵਰਤ ਲਈ ਇਹ ਮੰਗਾਂ ਪੇਸ਼ ਕੀਤੀਆਂ ਗਈਆਂ ਸਨ:

  1. ਪੰਜਾਬ-ਹਰਿਆਣਾ ਵਿਚਕਾਰ ਸਾਂਝੀਆਂ ਕੜੀਆਂ ਖਤਮ ਕਰ ਦਿੱਤੀਆਂ ਜਾਣ।
  2. ਚੰਡੀਗੜ੍ਹ ਅਤੇ ਡੈਮ ਪ੍ਰੋਜੈਕਟ ਕੇਂਦਰ ਦੇ ਕਬਜ਼ੇ ਤੋਂ ਪੰਜਾਬ ਹਵਾਲੇ ਕੀਤੇ ਜਾਣ।
  3. ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਰਲਾਏ ਜਾਣ।
  4. 27 ਤਰੀਕ ਨੂੰ 2 ਕੁ ਵਜੇ ਹੁਕਮ ਸਿੰਘ ਦਿੱਲੀ ਤੋਂ ਸੁਨੇਹਾ ਲੈ ਕੇ ਆਏ ਅਤੇ ਸੰਤ ਫਤਹਿ ਸਿੰਘ ਨਾਲ ਇਕੱਲਿਆਂ ਮਿਲਣ ਮਗਰੋਂ ਤਖ਼ਤ ਸਾਹਿਬ ਸਾਹਮਣੇ ਹਾਜ਼ਰ ਸੰਗਤਾਂ ਨੂੰ ਯਕੀਨ ਦਿਵਾਇਆ ਕਿ ਪ੍ਰਧਾਨ ਮੰਤਰੀ ਵੱਲੋਂ ਸਾਲਸੀ ਫੈਸਲੇ ਰਾਹੀਂ ਪੰਜਾਬ ਦੀਆਂ ਮੰਗਾਂ ਦਾ ਜਲਦੀ ਨਿਬੇੜਾ ਕੀਤਾ ਜਾਵੇਗਾ। ਉਥੇ ਹਾਜ਼ਰ ਸੰਗਤਾਂ ਵੱਲੋਂ ਨਹੀਂ-ਨਹੀਂ ਆਖਦਿਆਂ ਵਿਰੋਧ ਜਤਾਇਆ ਗਿਆ ਪਰ ਇਸ ਵਿਰੋਧਤਾ ਨੂੰ ਦਰਕਿਨਾਰ ਕਰਦਿਆਂ 27 ਦਸੰਬਰ ਨੂੰ ਸ਼ਾਮ ਸਵਾ 6 ਵਜੇ ਵਰਤ ਖੋਲ੍ਹ ਲਿਆ ਗਿਆ।

    ਮਰਨ ਵਰਤ ਛੱਡਣ ਬਾਅਦ ਸੰਤ ਫਤਹਿ ਸਿੰਘ ਨੇ ਪ੍ਰਧਾਨ ਮੰਤਰੀ ਦਾ ਲਿਖਤੀ ਵਾਅਦਾ ਉਸ ਕੋਲ ਹੋਣ ਦਾ ਦਾਅਵਾ ਕੀਤਾ। ਪਰ ਇਹ ਲਿਖਤੀ ਕਾਗਜ਼ ਦਿਖਾਏ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਦੇ ਹੋਰ ਵੀ ਕਈ ਊਟ-ਪਟਾਂਗ ਬਿਆਨ ਦਿੱਤੇ ਗਏ ਜਿਸ ਨਾਲ ਹੋਰ ਜਿਆਦਾ ਬੇਰਸੀ ਹੋਈ।

    30 ਦਸੰਬਰ ਨੂੰ ਮਾਸਟਰ ਤਾਰਾ ਸਿੰਘ ਨੇ ਆਖਿਆ ਕਿ ‘ਸੰਤ ਨੇ ਸਿੱਖੀ ਦੀ ਤੌਹੀਨ ਕੀਤੀ ਹੈ।’

    ਦਸੰਬਰ 1966 ਵਿੱਚ ਸੰਤ ਫਤਹਿ ਸਿੰਘ ਵੱਲੋਂ ਦੂਜੀ ਵਾਰ ਮਰਨ ਵਰਤ ਵਿਚਾਲੇ ਛੱਡਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਉਪਜਿਆ। ਇਸ ਮੌਕੇ ਭਾਈ ਨੰਦ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਰਤ ਰਹੇ ਇਸ ਨਾਟਕ ਨੂੰ ਸਿੱਖਾਂ ਦੇ ਮੱਥੇ ਉਪਰ ਕਲੰਕ ਆਖਿਆ ਅਤੇ ਇਸ ਕਲੰਕ ਨੂੰ ਧੋਣ ਲਈ ਹੀਲਾ ਕਰਨ ਦਾ ਪ੍ਰਣ ਕਰ ਲਿਆ। ਆਪਣੇ ਇਸ ਮਕਸਦ ਦੇ ਐਲਾਨ ਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਸੰਤ ਫਤਹਿ ਸਿੰਘ ਨੂੰ ਖ਼ਤ ਵੀ ਲਿਖ ਦਿੱਤੇ। ਪ੍ਰਣ ਪੂਰ ਚੜ੍ਹਾਉਣ ਹਿਤ 13 ਅਪ੍ਰੈਲ 1967 ਨੂੰ ਸਵੇਰੇ 3 ਵਜੇ ਇਸ਼ਨਾਨ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਅਤੇ ਆਪ ਹੀ ਆਪਣਾ ਅੰਗੀਠਾ ਤਿਆਰ ਕਰ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਪਾਠ ਦੀ ਸਮਾਪਤੀ ਦੇ ਨਾਲ ਹੀ ਆਪਣੇ ਉਪਰ ਪੈਟਰੋਲ ਪਾ ਕੇ ਆਪਣੀ ਜਾਨ ਦੀ ਆਹੂਤੀ ਦੇ ਦਿੱਤੀ। ਭਾਈ ਨੰਦ ਸਿੰਘ ਮੂਲ ਰੂਪ ਵਿੱਚ ਦੱਖਣੀ ਭਾਰਤ ਤੋਂ ਤਾਮਿਲਨਾਡੂ ਦੇ ਜੰਮਪਲ ਸਨ ਪਰ ਸਿੰਘ ਸਜ ਕੇ ਅੰਮ੍ਰਿਤਸਰ ਦੇ ਪਿੰਡ ਬਹਾਦਰਪੁਰ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ ਅਤੇ 1960 ਵਿੱਚ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਜੇਲ੍ਹ ਯਾਤਰਾ ਵੀ ਕਰ ਚੁੱਕੇ ਸਨ।

    ਇਸ ਮਾਹੌਲ ਵਿੱਚ ਹੀ ਮੁੱਢਲੇ ਤੌਰ ’ਤੇ ਅਕਾਲੀ ਪਰ ਲੰਮਾ ਸਮਾਂ ਕਾਂਗਰਸ ਦਾ ਹਿੱਸਾ ਰਹੇ ਅਤੇ 1959 ਵਿੱਚ ਸਥਾਪਤ ਹੋਈ ਸੁਤੰਤਰ ਪਾਰਟੀ ਦੇ ਮੋਢੀ ਆਗੂ ਦਰਸ਼ਨ ਸਿੰਘ ਫੇਰੂਮਾਨ ਨੇ 1 ਅਗਸਤ 1969 ਨੂੰ ਐਲਾਨ ਕੀਤਾ ਕਿ ਉਹ ਸੰਤ ਫਤਹਿ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਸੰਪੂਰਨ ਸਿੰਘ ਰਾਮਾ, ਸੰਤ ਚੰਨਣ ਸਿੰਘ, ਜਥੇਦਾਰ ਜੀਵਨ ਸਿੰਘ ਉਮਰਾਨੰਗਲ ਆਦਿ ਅਕਾਲੀ ਆਗੂਆਂ ਵੱਲੋਂ ਗੁਰੂ ਸਨਮੁੱਖ ਕੀਤੀ ਅਰਦਾਸ ਨੂੰ ਵਾਰ-ਵਾਰ ਭੰਗ ਕਰਨ ਦੇ ਪਸ਼ਚਾਤਾਪ ਵਜੋਂ ਅਤੇ ਪੰਜਾਬ ਦੇ ਅਣਸੁਲਝੇ ਮੁੱਦਿਆਂ ਦੇ ਹੱਲ ਲਈ 15 ਅਗਸਤ ਨੂੰ ਕਿਸੇ ਵੀ ਸੂਰਤ ਵਿੱਚ ਮਰਨ ਵਰਤ ਰੱਖਣਗੇ ਜਿਸ ਦੌਰਾਨ ਸਿਰਫ ਨਲਕੇ ਦਾ ਤਾਜ਼ਾ ਅਤੇ ਫੋਕਾ ਪਾਣੀ ਹੀ ਪੀਣਗੇ। ਉਸ ਦਿਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਮਰਨ ਵਰਤ ਆਰੰਭ ਕਰਨਗੇ ਅਤੇ ਜੇਕਰ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਜੇਲ੍ਹ ਵਿੱਚੋਂ ਹੀ ਮਰਨ ਵਰਤ ਰੱਖਣਗੇ। 12 ਅਗਸਤ ਨੂੰ ਫੇਰੂਮਾਨ ਨੂੰ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਸਰ ਜੇਲ੍ਹ ਭੇਜਿਆ ਗਿਆ ਅਤੇ ਉਥੋਂ ਹੀ ਆਪਣੇ ਪ੍ਰਣ ਅਨੁਸਾਰ ਉਨ੍ਹਾਂ ਨੇ 15 ਅਗਸਤ ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਅਤੇ 27 ਅਕਤੂਬਰ ਨੂੰ ਆਪਣਾ ਪ੍ਰਣ ਨਿਭਾਉਂਦਿਆਂ ਸ਼ਹੀਦੀ ਪਾ ਗਏ।

    ਦਰਸ਼ਨ ਸਿੰਘ ਫੇਰੂਮਾਨ

    ਇਸ ਦੇ ਨਾਲ ਹੀ ਸੰਤ ਫਤਹਿ ਸਿੰਘ ਨੇ ਫਿਰ ਮਰਨ ਵਰਤ ਰੱਖ ਕੇ ਆਤਮਦਾਹ ਕਰਨ ਦਾ ਵੀ ਐਲਾਨ ਕੀਤਾ ਸੀ ਪਰ ਐਕਸ਼ਨ ਕਮੇਟੀ ਨੇ ਅਜਿਹਾ ਕਰਨੋਂ ਰੋਕ ਦਿੱਤਾ ਸੀ ਅਤੇ ਦਰਸ਼ਨ ਸਿੰਘ ਫੇਰੂਮਾਨ ਦਾ ਹੀ ਸਮਰਥਨ ਕਰਨ ਲਈ ਜ਼ੋਰ ਪਾਇਆ।

    24 ਨਵੰਬਰ 1969 ਨੂੰ ਸੰਤ ਫਤਹਿ ਸਿੰਘ ਨੇ ਕਾਫ਼ੀ ਵਿਸਥਾਰਤ ਬਿਆਨ ਦਿੱਤਾ ਕਿ ‘ਕੇਂਦਰ ਦੀ ਪੰਜਾਬ ਮਸਲਿਆਂ ਪ੍ਰਤੀ ਆਨਾਕਾਨੀ ਵਾਲੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਉਹ 26 ਜਨਵਰੀ 1970 ਨੂੰ ਮਰਨ ਵਰਤ ਰੱਖ ਕੇ 1 ਫਰਵਰੀ ਨੂੰ ਸਵੇਰੇ 10 ਵਜੇ ਆਤਮਦਾਹ ਕਰ ਲੈਣਗੇ।’ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਸੰਤ ਫਤਹਿ ਸਿੰਘ ਦੇ ਫੈਸਲੇ ਉਪਰ ਮੋਹਰ ਲਾ ਦਿੱਤੀ।

    26 ਜਨਵਰੀ ਨੂੰ ਮਰਨ ਵਰਤ ਸ਼ੁਰੂ ਹੋਇਆ ਅਤੇ ਆਤਮ ਦਾਹ ਦੇ ਦਾਅਵੇ ਕੀਤੇ ਗਏ। ਗਣਤੰਤਰ ਦਿਨ ਦਾ ਬਾਈਕਾਟ ਕੀਤਾ ਗਿਆ ਅਤੇ ਕਈ ਥਾਂਈਂ ਗੜਬੜ ਹੋਈ। 29 ਜਨਵਰੀ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੈਸਲਾ ਕਰ ਦਿੱਤਾ ਕਿ ਚੰਡੀਗੜ੍ਹ ਦੀ ਵੰਡ ਦੋ ਹਿੱਸਿਆਂ ਵਿੱਚ ਜਾਇਜ਼ ਨਹੀਂ ਹੈ, ਇਸ ਲਈ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇਗਾ ਪਰ ਇਸਦੇ ਵੱਟੇ ਵਿੱਚ ਹਰਿਆਣਾ ਨਾਲ ਲਗਦੇ ਕੁਝ ਹਿੰਦੀ ਬੋਲਦੇ ਖੇਤਰ ਲਏ ਜਾਣਗੇ। ਇਸ ਖੇਤਰ ਵਿੱਚ ਫਾਜ਼ਿਲਕਾ ਤਹਿਸੀਲ ਦਾ ਕੁਝ ਹਿੱਸਾ ਆਉਂਦਾ ਸੀ ਪਰ ਇਸ ਦੇ ਨਾਲ ਹੀ ਮੁਕਤਸਰ ਤਹਿਸੀਲ ਦੇ ਪਿੰਡ ਕੰਦੂ ਖੇੜਾ ਵਿੱਚੋਂ ਪੰਜਾਬ-ਰਾਜਸਥਾਨ ਸਰਹੱਦ ਨਾਲ ਫਰਲਾਂਗ ਭਰ ਦੀ ਚੌੜੀ ਪੱਟੀ ਦਿੱਤੀ ਜਾਵੇਗੀ ਤਾਂ ਜੋ ਇਸ ਖੇਤਰ ਦਾ ਹਰਿਆਣੇ ਤੱਕ ਲਾਂਘਾ ਬਣ ਸਕੇ। ਇਹ ਫੈਸਲਾ ਪੂਰੇ 5 ਸਾਲ ਬਾਅਦ ਅਮਲ ਵਿੱਚ ਆਉਣਾ ਸੀ।

    ਸ੍ਰੀ ਅਕਾਲ ਤਖ਼ਤ ਉਪਰ ਸੰਗਤ ਦਾ ਭਾਰੀ ਇਕੱਠ ਸੀ ਜਿਸ ਵੱਲੋਂ ਇਹ ਫੈਸਲਾ ਸੁਣ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ ਪਰ ਜਥੇਦਾਰਾਂ ਨੇ ਸੰਗਤਾਂ ਨੂੰ ਜਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਕਿ ਇਹ ਫੈਸਲਾ ਬਹੁਤ ਵਧੀਆ ਹੈ ਅਤੇ ਇਸ ਤਹਿਤ ਚੰਡੀਗੜ੍ਹ ਪੰਜਾਬ ਨੂੰ ਮਿਲਣ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਵਿੱਚ ਦੀਪਮਾਲਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੰਤ ਫਤਹਿ ਸਿੰਘ ਨੇ ਪਹਿਲਾਂ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਥਾਂ ਨਾਲ ਲਗਦੀ ਇਮਾਰਤ ਉਪਰ 30 ਜਨਵਰੀ ਨੂੰ ਸ਼ਾਮ ਸਾਢੇ 5 ਵਜੇ ਵਰਤ ਖੋਲ੍ਹ ਦਿੱਤਾ।

    ਇਹ ਐਲਾਨ ਸੁਣ ਕੇ ਰੋਹ ਵਿੱਚ ਆਈ ਹੋਈ ਸਿੱਖ ਸੰਗਤ ਨੇ ਜਥੇਦਾਰਾਂ ਅਤੇ ਆਗੂਆਂ ਉਪਰ ਪਥਰਾਓ ਕੀਤਾ। ਮੁੱਖ ਮੰਤਰੀ ਗੁਰਨਾਮ ਸਿੰਘ ਵੀ ਉਥੇ ਸੰਤ ਫਤਹਿ ਸਿੰਘ ਕੋਲ ਹੀ ਸੀ ਜਿਸ ਕਾਰਨ ਕਾਫ਼ੀ ਪੁਲਿਸ ਵੀ ਤਾਇਨਾਤ ਸੀ ਪਰ ਉਥੇ ਧੱਕੇ-ਮੁੱਕੀ ਕਾਰਨ ਹਫ਼ੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਅਜੀਤ ਸਿੰਘ ਸਰਹੱਦੀ ਦੇ ਸ਼ਬਦਾਂ ਵਿੱਚ ‘ਖੁਦ ਸਿੱਖਾਂ ਵਲੋਂ ਪਥਰਾਓ ਕਰਕੇ ਪਵਿੱਤਰ ਅਕਾਲ ਤਖ਼ਤ ਦੀ ਇਹ ਬੇਹੁਰਮਤੀ ਸਿੱਖ ਇਤਿਹਾਸ ਵਿਚ ਆਪਣੀ ਕਿਸਮ ਦੀ ਪਹਿਲੀ ਮਿਸਾਲ ਸੀ।’

    ਫਰਵਰੀ-ਮਾਰਚ 1978 ਵਿੱਚ ਮਹੰਤ ਸੇਵਾਦਾਸ ਸਿੰਘ ਵੱਲੋਂ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਰਲਾਉਣ ਦੇ ਮਸਲੇ ਉਪਰ ਮਰਨ ਵਰਤ ਰੱਖਿਆ ਗਿਆ ਜਿਸ ਦਾ ਬਹੁਤ ਜ਼ਿਆਦਾ ਪ੍ਰਚਾਰ ਵੀ ਹੋਇਆ। ਅਕਾਲੀ ਲੀਡਰਸ਼ਿਪ ਨੇ ਇਸ ਮੌਕੇ ਮਾਡਰੇਟ ਮੋੜ ਕੱਟਣ ਦਾ ਰੁਖ ਕਰ ਲਿਆ ਸੀ ਜਿਸ ਤਹਿਤ ਇਸ ਮਰਨ ਵਰਤ ਨੂੰ ਉਭਰਨੋਂ ਰੋਕਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਇਸ ਬਾਰੇ ਆਖਿਆ ਕਿ ਉਹ ਇਨ੍ਹਾਂ ਮੰਗਾਂ ਬਾਰੇ ਮਹੰਤ ਸੇਵਾਦਾਸ ਸਿੰਘ ਦੇ ਸਟੈਂਡ ਨਾਲ ਸਹਿਮਤ ਹਨ ਪਰ ਨਾਲ ਹੀ ਫਿਰਕੂ ਸਦਭਾਵਨਾ ਨੂੰ ਵਿਗਾੜਨ ਦਾ ਵਿਰੋਧ ਜਤਾਇਆ।

    ਸੂਰਤ ਸਿੰਘ ਖਾਲਸਾ (ਬੰਦੀ ਸਿੰਘਾਂ ਦੇ ਮੁੱਦੇ ਉੱਤੇ ਲੰਬਾ ਸਮਾਂ ਮਰਨ ਵਰਤ ਕਰਨ ਵਾਲ)

    ਇਸ ਪਿੱਛੋਂ ਸਿੱਖ ਆਗੂ ਗੁਰਬਖਸ਼ ਸਿੰਘ ਅੰਬਾਲਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ 2013 ਨੂੰ ਮਰਨ ਵਰਤ ਰੱਖਿਆ ਗਿਆ ਜਿਹੜਾ 44 ਦਿਨਾਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਰੋਸੇ ਉਪਰ 27 ਦਸੰਬਰ ਨੂੰ ਛੱਡ ਦਿੱਤਾ ਗਿਆ। ਇੱਕ ਵਾਰ ਹੋਰ 14 ਨਵੰਬਰ 2014 ਨੂੰ ਦੁਬਾਰਾ ਮਰਨ ਵਰਤ ਰੱਖਿਆ ਜੋ 64 ਦਿਨਾਂ ਬਾਅਦ ਛੱਡ ਦਿੱਤਾ ਗਿਆ। ਸਿੱਖਾਂ ਵਿੱਚ ਇਸ ਤਰ੍ਹਾਂ ਮਰਨ ਵਰਤ ਛੱਡਣ ਨੂੰ ਚੰਗਾ ਨਾ ਸਮਝਿਆ ਗਿਆ ਜਿਸਦੇ ਦਬਾਅ ਅਧੀਨ ਉਨ੍ਹਾਂ ਤੀਜੀ ਵਾਰ ਭੁੱਖ ਹੜਤਾਲ ਦਾ ਐਲਾਨ ਕੀਤਾ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਰੋਕੇ ਜਾਣ ਦੀ ਕੋਸ਼ਿਸ਼ ਦੌਰਾਨ ਉਹ 20 ਮਾਰਚ 2018 ਨੂੰ ਆਪਣੇ ਪਿੰਡ ਵਾਟਰ ਵਰਕਸ ਦੀ ਟੈਂਕੀ ਤੋਂ ਡਿੱਗ ਕੇ ਜਾਨ ਗਵਾ ਗਏ। ਇਸ ਦੌਰਾਨ ਬਾਬਾ ਜੋਗਿੰਦਰ ਸਿੰਘ ਰੋਡੇ ਦੇ ਸਮਰਥਕ ਸਿੱਖ ਆਗੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ 2015 ਨੂੰ ਇਸ ਮੁੱਦੇ ਉਪਰ ਹੀ ਮਰਨ ਵਰਤ ਰੱਖਿਆ ਜਿਸ ਦਾ ਕੋਈ ਸਿੱਟਾ ਨਾ ਨਿਕਲਿਆ। ਹੋਰ ਵੀ ਕਈ ਥਾਂ ਸਿੱਖਾਂ ਵੱਲੋਂ ਬੰਦੀ ਸਿੰਘਾਂ ਜਾਂ ਕੁਝ ਹੋਰ ਮੁੱਦਿਆਂ ਉਪਰ ਮਰਨ ਵਰਤ ਰੱਖੇ ਜਾਣ ਲੱਗੇ ਤਾਂ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਤਰਫੋਂ 3 ਮਈ 2022 ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਕਿ “ਖ਼ੁਦਕੁਸ਼ੀ ਕਰਨਾ ਸਿੱਖ ਧਰਮ ਦੀ ਪਰੰਪਰਾ ਨਹੀਂ ਹੈ।”

    (ਨਵੀਂ ਛਪੀ ਕਿਤਾਬ ‘ਅਕਾਲੀ ਸਿਆਸਤ’ ਵਿੱਚੋਂ ਕੁਝ ਅੰਸ਼)

    The post ਮਰਨ ਵਰਤ ਦਾ ਪੈਂਤੜਾ appeared first on Sikh Pakh.

    ...more
    View all episodesView all episodes
    Download on the App Store

    Sikh Pakh PodcastBy Sikh Pakh

    • 5
    • 5
    • 5
    • 5
    • 5

    5

    1 ratings