ਆਮ ਤੌਰ ’ਤੇ ਹਰ ਭਾਸ਼ਾ ਦੇ ਦੋ ਰੂਪ ਹੁੰਦੇ ਹਨ; ਇਕ ਬੋਲਚਾਲ ਦੀ ਮੌਖਿਕ ਭਾਸ਼ਾ ਅਤੇ ਦੂਸਰੀ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਮਨੁੱਖ ਆਪਣੇ ਸਮਾਜਿਕ ਵਰਤਾਰੇ ਦੌਰਾਨ ਬਾਕੀ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਸਿੱੱਖਦਾ ਹੈ ਜਿਵੇਂ ਪਰਿਵਾਰ, ਮਾਪੇ, ਸੰਗੀ ਸਾਥੀ, ਸਮਾਜਿਕ ਅਦਾਰੇ ਆਦਿ। ਹਾਲਾਂਕਿ ਬੋਲਚਾਲ ਦੀ ਭਾਸ਼ਾ ਵਿਚ ਵੀ ਵਿਆਕਰਣ ਨਿਯਮਾਂ ਦਾ ਆਪਣਾ ਮਹੱਤਵਪੂਰਨ ਸਥਾਨ ਹੁੰਦਾ ਹੈ ਪਰ ਬੋਲਦੇ ਸਮੇਂ ਉਨ੍ਹਾਂ ਦਾ ਬਹੁਤਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ। ਮਿਸਾਲ ਦੇ ਤੌਰ ’ਤੇ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਮਾਪੇ ਬੋਲਚਾਲ ਦੀ ਭਾਸ਼ਾ ਅਰਥਾਤ ਮੌਖਿਕ ਭਾਸ਼ਾ ਰਾਹੀਂ ਹੀ ਉਸ ਨਾਲ ਸੰਪਰਕ ਸਥਾਪਿਤ ਕਰਦੇ ਹਨ ਅਤੇ ਆਪਣੀ ਗੱਲਬਾਤ ਦਾ ਸਿਲਸਿਲਾ ਬਣਾਉਣ ਦਾ ਯਤਨ ਕਰਦੇ ਹਨ। ਖ਼ਾਸ ਕਰਕੇ ਅਨਪੜ੍ਹ ਮਾਪੇ ਜਿਨ੍ਹਾਂ ਕੋਲ ਕੋਈ ਸਕੂਲੀ ਵਿਦਿਆ ਨਹੀਂ ਹੁੰਦੀ ਅਤੇ ਜਿਨ੍ਹਾਂ ਨੇ ਕੋਈ ਵੀ ਭਾਸ਼ਾ ਰਸਮੀ ਤੌਰ ’ਤੇ ਕਿਸੇ ਵਿਦਿਅਕ ਅਦਾਰੇ ਵਿੱਚ ਨਹੀਂ ਸਿੱਖੀ ਹੁੰਦੀ, ਉਹ ਵੀ ਆਪਣੇ ਬੱਚੇ ਨੂੰ ਕੁਦਰਤੀ ਜਾਂ ਸੁਭਾਵਿਕ ਤਰੀਕੇ ਆਪਣੀ ਬੋਲਚਾਲ ਦੀ ਭਾਸ਼ਾ ਰਾਹੀਂ ਸਿਖਾਉਂਦੇ ਹਨ ਜਿਨ੍ਹਾਂ ਨੂੰ ਖ਼ੁਦ ਵੀ ਭਾਸ਼ਾ ਦੀ ਵਿਆਕਰਣ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ। ਬੋਲਚਾਲ ਦੇ ਇਸ ਕੁਦਰਤੀ ਵਰਤਾਰੇ ਰਾਹੀਂ ਬੱਚਾ, ਆਪਣੇ ਮਾਪਿਆਂ ਅਤੇ ਪਰਿਵਾਰ ਦੇ ਮੈਂਬਰਾਂ ਆਦਿ ਵੱਲੋਂ ਅਚੇਤ ਮਨ ਹੀ ਆਪਣੀ ਮਾਤਭਾਸ਼ਾ ਸਿੱਖਦਾ ਹੈ। ਇਸ ਤਰ੍ਹਾਂ ਬੋਲੀ ਸਿੱਖਣ ਦਾ ਸਿਲਸਿਲਾ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਜਾਰੀ ਰਹਿੰਦਾ ਹੈ।
IMPB DISCOURSIYA PUNJABI LANGUAGE SERIES