ਹਾਕੀ ਵਾਲਿਆਂ ਦਾ ਕਮਾਲ, ਲਕਸ਼ੇ ਸੇਨ ਦਾ ਕਮਾਲ ਬਾਕੀ
ਭਾਰਤੀ ਹਾਕੀ ਟੀਮ ਨੇ ਟੋਕੀਓ ਵਾਂਗ ਪੈਰਿਸ ਵਿਖੇ ਇਤਿਹਾਸ ਰਚਦਿਆਂ ਕੁਆਰਟਰ ਫ਼ਾਈਨਲ ਵਿੱਚ ਬਰਤਾਨੀਆ ਨੂੰ ਹਰਾ ਕੇ ਓਲੰਪਿਕ ਖੇਡਾਂ ਦੇ ਸੈਮੀ ਫ਼ਾਈਨਲ ਵਿੱਚ ਦਾਖਲਾ ਪਾ ਲਿਆ। ਅੱਜ ਦੀ ਜਿੱਤ ਇਸ ਲਈ ਵੀ ਖਾਸ ਸੀ ਕਿਉਂਕਿ ਇੱਕ ਵਿਵਾਦਤ ਫੈਸਲੇ ਤਹਿਤ ਭਾਰਤ ਦੇ ਡਿਫੈਂਡਰ ਅਮਿਤ ਰੋਹੀਦਾਸ ਨੂੰ 17ਵੇਂ ਮਿੰਟ ਵਿੱਚ ਲਾਲ ਕਾਰਡ ਮਿਲਣ ਕਰਕੇ ਭਾਰਤੀ ਟੀਮ 43 ਮਿੰਟ 10 ਖਿਡਾਰੀਆਂ ਨਾਲ ਹੀ ਖੇਡੀ।
ਅੱਜ ਦਾ ਮੈਚ ਨਿਰਧਾਰਤ ਸਮੇਂ ਤੱਕ 1-1 ਦੀ ਬਰਾਬਰੀ ਤੋਂ ਬਾਅਦ ਸੂਟ ਆਊਟ ਵਿੱਚ ਗਿਆ ਜਿੱਥੇ ਭਾਰਤ ਨੇ ਬ੍ਰਿਟਿਸ਼ ਟੀਮ ਨੂੰ 4-2 ਨਾਲ ਹਰਾਇਆ। ਇਸ ਤੋਂ ਪਹਿਲਾਂ 2021 ਵਿੱਚ ਟੋਕਿਓ ਓਲੰਪਿਕਸ ਵਿੱਚ ਵੀ ਭਾਰਤ ਨੇ ਬਰਤਾਨੀਆ ਨੂੰ ਹੀ ਕੁਆਟਰ ਫਾਈਨਲ ਵਿੱਚ 3-1 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ ਜਿੱਥੇ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।
ਅੱਜ ਦੇ ਮੈਚ ਵਿੱਚ ਭਾਰਤ ਵੱਲੋਂ ਪਹਿਲਾ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਪਰ ਕੀਤਾ ਜੋ ਕਿ ਹਰਮਨਪ੍ਰੀਤ ਸਿੰਘ ਦਾ ਪੈਰਿਸ ਓਲੰਪਿਕਸ ਵਿੱਚ ਸੱਤਵਾਂ ਗੋਲ ਹੈ। ਪੰਜ ਮਿੰਟਾਂ ਬਾਅਦ ਹੀ ਬਰਤਾਨੀਆ ਨੇ ਲੀ ਮੋਰਟਨ ਦੇ ਫੀਲਡ ਗੋਲ ਨਾਲ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਲੱਗਭੱਗ ਪੂਰਾ ਮੈਚ ਬਰਤਾਨੀਆ ਵੱਲੋਂ ਲਗਾਤਾਰ ਬਣਾਏ ਅਟੈਕ ਨੂੰ ਭਾਰਤੀ ਡਿਫੈਂਸ ਨੇ ਅਸਫਲ ਬਣਾਉਂਦਿਆਂ ਆਪਣਾ ਗੋਲ ਬਚਾਈ ਰੱਖਿਆ।ਗੋਲਚੀ ਪੀਆਰ ਸ੍ਰੀਜੇਸ਼ ਦੀ ਖੇਡ ਪੂਰੀ ਸ਼ਬਾਬ ਉਪਰ ਸੀ ਜੋ ਚੀਨ ਦੀ ਦੀਵਾਰ ਸਾਬਤ ਹੋਇਆ।
ਸਾਬਕਾ ਕਪਤਾਨ ਮਨਪ੍ਰੀਤ ਸਿੰਘ ਤੇ ਹਾਰਦਿਕ ਸਿੰਘ ਮਿਡਫੀਲਡ ਦੇ ਨਾਲ ਡਿਫੈਂਸ ਵਿੱਚ ਜਰਮਨਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਦਾ ਪੂਰਾ ਸਾਥ ਦਿੱਤਾ। ਫਾਰਵਰਡ ਵੀ ਭਾਰਤੀ ਡਿਫੈਂਸ ਦੇ ਨਾਲ ਢਾਲ ਬਣ ਕੇ ਡਟੇ। ਬਹੁਤ ਹੀ ਦਬਾਅ ਵਾਲੇ ਮੈਚ ਵਿੱਚ ਭਾਰਤੀ ਟੀਮ ਨਿਰਧਾਰਤ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰੱਖਣ ਵਿੱਚ ਸਫ਼ਲ ਰਹੀ।
ਸ਼ੂਟ ਆਊਟ ਵਿੱਚ ਭਾਰਤ ਵੱਲੋਂ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਲਲਿਤ ਉਪਾਧਿਆਏ ਤੇ ਰਾਜ ਕੁਮਾਰ ਪਾਲ ਨੇ ਵਾਰੋ ਵਾਰੀ ਗੋਲ ਕਰਕੇ ਚਾਰ ਗੋਲ ਕੀਤੇ ਅਤੇ ਗੋਲਚੀ ਸ੍ਰੀਜੇਸ਼ ਬਰਤਾਨੀਆ ਦੇ ਦੋ ਗੋਲ ਰੋਕਣ ਵਿੱਚ ਸਫ਼ਲ ਰਿਹਾ ਜਿਸ ਨਾਲ ਭਾਰਤ ਨੇ ਮੈਚ 4-2 ਨਾਲ ਜਿੱਤ ਲਿਆ।
ਓਲੰਪਿਕਸ ਵਿੱਚ ਭਾਰਤ ਆਪਣਾ ਸੈਮੀ ਫ਼ਾਈਨਲ ਮੈਚ 6 ਅਗਸਤ ਨੂੰ ਜਰਮਨੀ ਤੇ ਅਰਜਨਟਾਈਨਾ ਵਿਚਾਲੇ ਮੈਚ ਦੀ ਜੇਤੂ ਟੀਮ ਨਾਲ ਖੇਡੇਗੀ। ਜਰਮਨੀ-ਅਰਜਨਟਾਈਨਾ ਮੈਚ ਰਾਤ 11.30 ਵਜੇ ਖੇਡਿਆ ਜਾ ਰਿਹਾ ਹੈ।
ਉਧਰ ਹਾਕੀ ਇੰਡੀਆ ਨੇ ਅਮਿਤ ਰੋਹੀਦਾਸ ਦੇ ਲਾਲ ਕਾਰਡ ਅਪੀਲ ਪਾਈ ਹੈ ਜਿਸ ਦਾ ਫੈਸਲਾ ਅੱਜ ਰਾਤ ਹੋਵੇਗਾ। ਜੇ ਭਾਰਤ ਦੀ ਅਪੀਲ ਮੰਨ ਲਈ ਗਈ ਤਾਂ ਅਮਿਤ ਸੈਮੀ ਫ਼ਾਈਨਲ ਖੇਡੇਗਾ, ਨਹੀਂ ਤਾਂ ਅਮਿਤ ਬਾਹਰ ਰਹੇਗਾ ਪਰ ਭਾਰਤ 16 ਦੀ ਬਜਾਏ 15 ਵਿੱਚੋਂ 11 ਖਿਡਾਰੀਆਂ ਨੂੰ ਜ਼ਰੂਰ ਖਿਡਾ ਸਕੇਗੀ।
ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਵਿੱਚ ਭਾਰਤ ਦਾ ਲਕਸ਼ੇ ਸ਼ੇਨ ਡੈਨਮਾਰਕ ਦੇ ਵਿਕਟਰ ਤੋਂ 20-22 ਤੇ 14-21 ਨਾਲ ਹਾਰ ਗਿਆ ਅਤੇ ਹੁਣ ਉਹ ਕੱਲ੍ਹ ਮਲੇਸ਼ੀਆ ਦੇ ਜ਼ੀ ਜਿਆ ਲੀ ਨਾਲ ਕਾਂਸੀ ਦਾ ਮੈਡਲ ਮੈਚ ਖੇਡੇਗਾ। ਅੱਜ ਲਕਸ਼ੇ ਪਿਛਲੇ ਓਲੰਪਿਕ ਚੈਂਪੀਅਨ ਡੈਨਿਸ਼ ਖਿਡਾਰੀ ਵਿਕਟਰ ਖ਼ਿਲਾਫ਼ ਬਹੁਤ ਵਧੀਆਂ ਖੇਡਿਆ ਅਤੇ ਪਹਿਲੀ ਗੇਮ ਚ ਲਕਸ਼ੇ ਇਕ ਮੌਕੇ ਪੰਜ ਪੁਆਇੰਟ ਅੱਗੇ ਸੀ ਤੇ ਤਿੰਨ ਗੇਮ ਪੁਆਇੰਟ ਵੀ ਮਿਲੇ ਪਰ ਅੰਤ ਉਹ ਹਾਰ ਗਿਆ। ਦੂਜੀ ਗੇਮ ਚ ਵੀ ਉਸ ਨੂੰ 7-0 ਦੀ ਲੀਡ ਮਿਲ ਗਈ ਸੀ ਪਰ ਆਖਰ 14-21 ਨਾਲ ਹਾਰ ਗਿਆ।
ਮੁੱਕੇਬਾਜ਼ੀ ਵਿੱਚ ਮਹਿਲਾਵਾਂ ਦੇ 75 ਕਿਲੋ ਵੇਟ ਵਿੱਚ ਟੋਕੀਓ ਓਲੰਪਿਕਸ ਦੀ ਮੈਡਲਿਸਟ ਭਾਰਤ ਦੀ ਲਵਲੀਨਾ ਬੋਰਗੋਹੇਨ ਕੁਆਰਟਰ ਫ਼ਾਈਨਲ ਵਿੱਚ ਚੀਨ ਦੀ ਦੋ ਵਾਰ ਦੀ ਓਲੰਪਿਕਸ ਮੈਡਲਿਸਟ ਕਿਆਨ ਲੀ ਤੋਂ 1-4 ਨਾਲ ਹਾਰ ਕੇ ਮੈਡਲ ਤੋਂ ਇਕ ਜਿੱਤ ਦੂਰ ਰਹਿ ਗਈ।ਇਸ ਦੇ ਨਾਲ ਹੀ ਮੁੱਕੇਬਾਜ਼ੀ ਵਿੱਚ ਭਾਰਤੀ ਚੁਣੌਤੀ ਖਤਮ ਹੋ ਗਈ।
ਨਿਸ਼ਾਨੇਬਾਜ਼ੀ ਵਿੱਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਵਿਜੈਵੀਰ ਸਿੱਧੂ 583 ਸਕੋਰ ਨਾਲ ਨੌਵੇਂ ਅਤੇ ਅਨੀਸ਼ ਭਨਵਾਲਾ 582 ਸਕੋਰ ਨਾਲ 13ਵੇਂ ਸਥਾਨ ਉੱਤੇ ਰਿਹਾ।
ਸੇਲਿੰਗ ਵਿੱਚ ਪੁਰਸ਼ਾਂ ਵਿੱਚ ਭਾਰਤ ਦੇ ਵਿਸ਼ਨੂੰ ਸਰਵਾਨਨ ਦੇ ਅੱਠਵੀੰ ਰੇਸ ਤੋਂ ਬਾਅਦ 114 ਅੰਕ ਹਨ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ ਦੀ ਨੇਥਰਾ ਕੁਮਾਨਨ ਅੱਠਵੀੰ ਰੇਸ ਤੋਂ ਬਾਅਦ 145 ਅੰਕ ਹਨ।
ਗੌਲਫ ਵਿੱਚ ਪੁਰਸ਼ਾਂ ਦੇ ਅੱਜ ਸਾਰੇ ਚਾਰੇ ਰਾਊਂਡ ਸਮਾਪਤ ਹੋ ਗਏ ਅਤੇ ਭਾਰਤ ਦਾ ਸ਼ੁਭਾਂਕਰ ਸ਼ਰਮਾ 40ਵੇਂ ਅਤੇ ਗਗਨਜੀਤ ਭੁੱਲਰ 45ਵੇਂ ਸਥਾਨ ਉੱਤੇ ਰਿਹਾ।