Sikh Pakh Podcast

ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ


Listen Later

ਅਮਰੀਕਾ ਦੇ ਫਰੈਜ਼ਨੋ ਸ਼ਹਿਰ ਵਿੱਚ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ

ਸਾਲ 2009 ਵਿੱਚ ਅਗਸਤ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੇਵਾ ਕਰਦਿਆਂ ਅਸੀਂ ਕੁਝ ਨੌਜਵਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜਾਨਣ ਲਈ ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਭਾਈ ਖਾਲੜਾ ਦੇ ਮਾਤਾ ਜੀ ਬੀਬੀ ਮੁਖਤਿਆਰ ਕੌਰ ਜੀ ਅਤੇ ਪਿਤਾ ਜੀ ਬਾਪੂ ਕਰਤਾਰ ਸਿੰਘ ਨੂੰ ਮਿਲੇ ਸਾਂ। ਫਿਰ ਅੰਮ੍ਰਿਤਸਰ ਵਿਖੇ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵੀ ਮੁਲਾਕਾਤ ਹੋਈ ਸੀ।

ਸ਼ਹੀਦ ਜਸਵੰਤ ਸਿੰਘ ਖਾਲੜਾ

ਉਸ ਵੇਲੇ ਭਾਈ ਖਾਲੜਾ ਦੇ ਮਾਤਾ ਪਿਤਾ ਜੀ ਨਾਲ ਹੋਈ ਗੱਲਬਾਤ ਦੀ ਵਿਖਤ (ਵੀਡੀਓ) ਭਰੀ ਸੀ ਅਤੇ ਇਸ ਸਾਰੀ ਗੱਲਬਾਤ ਉੱਤੇ ਅਧਾਰਤ ਇੱਕ ਲਿਖਤ “ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ” ਮਾਸਿਕ ਰਸਾਲੇ ਸਿੱਖ ਸ਼ਹਾਦਤ ਲਈ ਲਿਖੀ ਸੀ।

⇒ ਲਿਖਤ ਪੜ੍ਹੋ — ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ

ਇਸ ਤੋਂ ਪਹਿਲਾਂ ਕਿ ਲਿਖਤ ਸਿੱਖ ਸ਼ਹਾਦਤ ਵਿੱਚ ਛਾਪਦੀ ਅਗਸਤ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਡੇਰਾ ਸਿਰਸਾ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਭਾਈ ਦਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਦਾਰਾ ਸਿੱਖ ਸ਼ਹਾਦਤ ਖਿਲਾਫ ਜਬਰ ਦੀ ਮੁਹਿੰਮ ਵਿੱਢ ਲਈ ਗਈ ਜਿਸ ਦੌਰਾਨ ਕਈ ਗ੍ਰਿਫਤਾਰੀਆਂ ਅਤੇ ਯੂਆਪਾ ਵਰਗੇ ਕਾਲੇ ਕਾਨੂੰਨਾਂ ਦੇ ਮੁਕੱਦਮੇਂ ਬਣੇ।

ਬਾਪੂ ਕਰਤਾਰ ਸਿੰਘ ਅਤੇ ਬੀਬੀ ਮੁਖਤਿਆਰ ਕੌਰ ਜੀ (ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਮਾਤਾ ਪਿਤਾ ਜੀ)

ਸਤੰਬਰ 2009 ਦਾ ਸਿੱਖ ਸ਼ਹਾਦਤ ਦਾ ਅੰਕ ਪੁਲਿਸ ਜਬਰ ਕਾਰਨ ਛਪ ਨਾ ਸਕਿਆ ਪਰ ਉਸ ਦੀ ਬਿਜਲਈ ਨਕਲ (ਪੀ. ਡੀ. ਐੱਫ) ਬਿਜਾਲ (ਇੰਟਰਨੈਟ) ਉੱਪਰ ਪਾ ਦਿੱਤੀ ਸੀ।

ਕੁਝ ਸਮੇਂ ਬਾਅਦ ਸਾਲ ੨੦੧੦ ਵਿਚ ਕਿਸੇ ਮਹੀਨੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਫੋਨ ਆਇਆ ਕਿ ਤੁਸੀਂ ਜੋ ਮਾਤਾ-ਬਾਪੂ ਜੀ ਦੀ ਵਿਖਤ (ਵੀਡਿਓ) ਭਰੀ ਸੀ ਕੀ ਉਹ ਤੁਹਾਡੇ ਕੋਲ ਹੈ? ਕਿਉਂਕਿ ਉਦੋਂ ਤੱਕ ਮਾਤਾ ਜੀ ਅਤੇ ਬਾਪੂ ਜੀ ਅਕਾਲ ਚਲਾਣਾ ਕਰ ਚੁੱਕੇ ਸਨ।

ਬੀਬੀ ਪਰਮਜੀਤ ਕੌਰ ਖਾਲੜਾ

ਬੀਬੀ ਜੀ ਨੇ ਕਿਹਾ ਕਿ ਭਾਈ ਖਾਲੜਾ ਦੇ ਮਾਤਾ ਪਿਤਾ ਨਾਲ ਭਰੀ ਗਈ ਇਹ ਇੱਕੋ ਇੱਕ ਗੱਲਬਾਤ ਸੀ।

ਪੁਲਿਸ ਜਬਰ ਦੌਰਾਨ ਕੰਪਿਊਟਰਾਂ ਅਤੇ ਲੈਪਟਾਪਾਂ ਦੀ ਹੋਈ ਜ਼ਬਤੀ ਅਤੇ ਚੁੱਕ-ਥੱਲ ਵਿੱਚ ਹੋਰ ਕਈ ਦੁਰਲਭ ਵਿਖਤਾਂ ਨਾਲ ਭਾਈ ਖਾਲੜਾ ਦੇ ਮਾਤਾ-ਪਿਤਾ ਜੀ ਨਾਲ ਹੋਈ ਉਸ ਗੱਲਬਾਤ ਦੀ ਵਿਖਤ ਵੀ ਸਾਡੇ ਹੱਥੋਂ ਜਾਂਦੀ ਰਹੀ। ਸਾਨੂੰ ਉਮੀਦ ਸੀ ਕਿ ਪੁਲਿਸ ਕੋਲ ਗਏ ਮਸੌਦੇ (ਹਾਰਡ ਡਿਸਕਾਂ) ਵਿੱਚ ਉਹ ਵਿਖਤ ਜਰੂਰ ਹੋਵੇਗੀ।

ਕਈ ਸਾਲ ਬਾਅਦ ਕੇਸ ਮੁੱਕਣ ਤੇ ਉਹ ਕੇਸ ਸੰਪਤੀ ਸਾਨੂੰ ੨੦੧੬ ਵਿੱਚ ਮਿਲੀ। ਉਸ ਉਪਰ ਕਾਫੀ ਖਰਚ ਕਰਕੇ ਉਸ ਵਿੱਚੋਂ ਡਾਟਾ ਕਢਵਾਉਣ ਦਾ ਯਤਨ ਕੀਤਾ ਗਿਆ। ਹੋਰ ਕੁਝ ਸਮੱਗਰੀ ਤਾਂ ਸਾਡੇ ਹੱਥ ਜਰੂਰ ਲੱਗੀ ਪਰ ਭਾਈ ਖਾਲੜਾ ਦੇ ਮਾਤਾ-ਪਿਤਾ ਜੀ ਵਾਲੀ ਵਿਖਤ ਉਸ ਵਿੱਚ ਨਹੀਂ ਸੀ। ਖੈਰ ਇਹ ਸ਼ਾਇਦ ਇੰਜ ਹੀ ਹੋਣਾ ਸੀ।

“ਹਨੇਰੇ ਵਿੱਚ ਚਾਨਣ ਦੀ ਬਾਤ ਪਾਉਣ ਵਾਲਾ ਦੀਪਕ: ਸ਼ਹੀਦ ਜਸਵੰਤ ਸਿੰਘ ਖਾਲੜਾ” ਲਿਖਤ ਦੇ ਰੂਪ ਵਿੱਚ ਸਿੱਖ ਸ਼ਹਾਦਤ ਰਸਾਲੇ ਲਈ ਭਾਈ ਜਸਵੰਤ ਸਿੰਘ ਖਾਲੜਾ ਦੀ ਸੰਖੇਪ ਜਿਹੀ ਜੀਵਨੀ ਲਿਖਣ ਲੱਗਿਆਂ ਡੂੰਘੇ ਰੂਪ ਵਿੱਚ ਇਹ ਮਹਿਸੂਸ ਹੋਇਆ ਸੀ ਕਿ ਉਹਨਾਂ ਦਾ ਜੀਵਨ ਉਸ ਦੀਵੇ ਦੀ ਨਿਆਈ ਸੀ ਜਿਸ ਦਾ ਜ਼ਿਕਰ ਉਨਾਂ ਨੇ ਆਪਣੀ ਇੱਕ ਤਕਰੀਰ ਵਿੱਚ ਕੀਤਾ ਸੀ ਕਿ ਕਿਵੇਂ ਦੂਰ ਕਿਸੇ ਕੁੱਲੀ ਵਿੱਚੋਂ ਉਥੇ ਦੀਵੇ ਨੇ ਹਨੇਰੇ ਨੂੰ ਚੁਣੌਤੀ ਦਿੱਤੀ ਸੀ ਅਤੇ ਧਰਤੀ ਉੱਪਰ ਸੱਚ ਚਾਨਣ ਦੀ ਬਾਤ ਪਾਈ ਸੀ।

ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਕਾਰਜ ਕੀਤਾ ਸੀ ਉਸ ਬਾਰੇ ਬੇਸ਼ੱਕ ਕਿਸੇ ਸਮੇਂ ਇਹ ਮਾਹੌਲ ਬਣਿਆ ਹੋਵੇ ਕਿ ਉਹ ਚਾਨਣ ਛੋਟੀਆਂ ਦਿਸਦੀਆਂ ਵਲਗਣਾਂ ਤੱਕ ਹੀ ਸੀਮਤ ਰਹਿ ਜਾਵੇਗਾ ਪਰ ਹੁਣ ਸਮੇਂ ਦੇ ਆਪਣੀ ਚਾਲੇ ਚੱਲਦਿਆਂ ਉਸ ਚਾਨਣ ਦੀ ਲੋਅ ਦੁਨੀਆਂ ਦੇ ਦੂਰ ਦੁਰਾਡੇ ਕੋਨਿਆਂ ਵਿੱਚ ਵੀ ਰੌਸ਼ਨੀ ਫੈਲਾ ਰਹੀ ਹੈ।

ਅਮਰੀਕਾ ‘ਚ ਸ਼ਹੀਦ ਜਸਵੰਤ ਖਾਲੜਾ ਦੇ ਨਾਮ ‘ਤੇ ਰੱਖਿਆ ਗਿਆ ਸਰਕਾਰੀ ਸਕੂਲ ਦਾ ਨਾਮ

ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਇੱਕ ਮੁੱਢਲੀ ਸਿੱਖਿਆ ਦੇ ਸਕੂਲ ਦਾ ਨਾਮ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਉੱਪਰ ਰੱਖਿਆ ਗਿਆ ਹੈ। ਇਹ ਪਲ ਭਾਈ ਖਾਲੜਾ ਦੇ ਪਰਿਵਾਰ ਦੇ ਨਾਲ-ਨਾਲ ਭਾਈ ਜਸਵੰਤ ਸਿੰਘ ਖਾਲੜਾ ਦੇ ਵਿੱਢੇ ਕਾਰਜ ਨੂੰ ਅੱਗੇ ਵਧਾਉਣ ਵਾਲੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਅਤੇ ਸਮੂਹ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ।

ਅਕਾਲ ਪੁਰਖ ਸੱਚੇ ਪਾਤਸ਼ਾਹ ਸਾਨੂੰ ਸਭਨਾ ਨੂੰ ਆਪਣੇ ਸ਼ਹੀਦਾਂ ਦੀ ਅਜ਼ਮਤ ਦੀ ਬਰਕਤ ਸਾਂਭਣਯੋਗੇ ਬਣਾਵੇ।

ਭੁੱਲ ਚੁੱਕ ਦੀ ਖਿਮਾ,

ਪਰਮਜੀਤ ਸਿੰਘ ਗਾਜ਼ੀ

The post ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ appeared first on Sikh Pakh.

...more
View all episodesView all episodes
Download on the App Store

Sikh Pakh PodcastBy Sikh Pakh

  • 5
  • 5
  • 5
  • 5
  • 5

5

1 ratings