ਜਦੋਂ ਮਨੁੱਖ ਕੋਈ ਅਕੀਦੇ ਤੋਂ ਹੀਣੀ ਗੱਲ ਕਹੇ ਜਾਂ ਕਰੇ ਤਾਂ ਕਹਿੰਦੇ ਨੇ ਕਿ ਉਸ ਨੂੰ ਆਪਣੇ ਆਪ ਪਤਾ ਹੁੰਦਾ ਹੈ ਕਿ ਉਹ ਗਲਤ ਕਹਿ ਜਾਂ ਕਰ ਰਿਹਾ ਹੈ, ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਕਰਕੇ ਉਹ ਆਪਣੇ ਆਪ ਅਤੇ ਦੂਜਿਆਂ ਅੱਗੇ ਸ਼ਰਮਸਾਰ ਮਹਿਸੂਸ ਕਰਦਾ ਹੈ। ਪਰ ਇਹ ਗੱਲ ਉਨ੍ਹਾਂ ਬਾਰੇ ਹੈ ਜਿਨ੍ਹਾਂ ਦਾ ਕੋਈ ਅਕੀਦਾ ਹੁੰਦਾ ਹੈ ਤੇ ਜਿਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਬੰਦੇ ਨੂੰ ਆਪਣਾ ਅਕੀਦਾ ਪਾਲਣਾ ਚਾਹੀਦਾ ਹੈ। ਜਦੋਂ ਕੋਈ ਸ਼ਰੇਆਮ ਹੀਣੀਆਂ ਗੱਲਾਂ ਵੀ ਕਰੀ ਜਾਵੇ ਤੇ ਉਸਨੂੰ ਆਪਣੇ ਕੀਤੇ ਉੱਤੇ ਕੋਈ ਸੰਗ-ਸ਼ਰਮ ਵੀ ਨਾ ਆਵੇ ਤਾਂ ਲੋਕ ਕਹਿੰਦੇ ਨੇ ਇਹ ਬੇਸ਼ਰਮ ਹੋ ਗਿਐ। ਅੱਜ ਕੱਲ੍ਹ ਸਿਆਸਤ ਅਜਿਹਾ ਧੰਦਾ ਬਣ ਗਈ ਹੈ ਕਿ ਜਿਸ ਦਾ ਸੰਗ-ਸ਼ਰਮ ਨਾ ਕੋਈ ਵਾਹ ਨਹੀਂ ਰਹਿ ਗਿਆ ਤੇ ਸਿਆਸੀ ਲੋਕ ਸੱਚੀਂ ਇਹੀ ਸਮਝਦੇ ਨੇ ਕਿ ਕੁਝ ਵੀ ਕਹਿ ਦਿਓ ਲੋਕਾਂ ਨੇ ਤਾਂ ਯਕੀਨ ਕਰ ਹੀ ਲੈਣਾ ਹੈ। ਪੰਜਾਬ ਵਿੱਚ ਇਨ੍ਹੀਂ ਦਿਨੀਂ ਜੋ ਮਸਲੇ ਚਰਚਾ ਵਿੱਚ ਹਨ ਉਹ ਇਸ ਗੱਲ ਦੀ ਪ੍ਰਤੱਖ ਮਿਸਾਲ ਪੇਸ਼ ਕਰ ਰਹੇ ਹਨ।