ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥ {ਪੰਨਾ 552}। ਅਰਥ: ਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ (ਦੱਸੀ ਹੋਈ) ਕਾਰ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ-ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ (ਪ੍ਰਭੂ) ਮਨ ਵਿਚ ਆ ਵੱਸਦਾ ਹੈ, ਹਉਮੈ ਮਮਤਾ ਦੂਰ ਹੋ ਜਾਂਦੀ ਹੈ। ਤੇ ਇਹ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ। (ਹਜ਼ੂਰੀ ਵਿਚ) ਵੱਡਾ ਰੁਤਬਾ ਮਿਲਦਾ ਹੈ, ਮਨੁੱਖ ਸੱਚੇ ਹਰੀ ਵਿਚ ਸਮਾਇਆ ਰਹਿੰਦਾ ਹੈ।
(ਪਰ ਸਤਿਗੁਰੂ ਦਾ ਲੱਭਣਾ ਕੋਈ ਸੁਖੱਲੀ ਗੱਲ ਨਹੀਂ) ; ਹੇ ਨਾਨਕ! ਮੁੱਢ ਤੋਂ (ਕੀਤੇ ਹੋਏ ਚੰਗੇ ਕੰਮਾਂ ਅਨੁਸਾਰ) ਜਿਨ੍ਹਾਂ ਦੇ ਹਿਰਦੇ ਵਿਚ (ਚੰਗੇ ਸੰਸਕਾਰ) ਉੱਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ (ਭਾਵ, ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ) ।੧।