ਦਮਦਮਾ ਸਾਹਿਬ ਇੱਕ ਪ੍ਰੇਮੀ ਬਾਜਰੇ ਦਾ ਗੱਡਾ ਲੱਦ ਕੇ ਲੰਗਰ ਲਈ ਲਿਆਇਆ। ਸੰਤ ਜੀ ਮਹਾਰਾਜ ਨੇ ਉਸ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਸ ਪ੍ਰੇਮੀ ਨੇ ਕਿਹਾ, "ਮਹਾਰਾਜ, ਰੋਟੀ ਘਰ ਜਾ ਕੇ ਹੀ ਖਾਵਾਂਗੇ"। ਸੰਤ ਜੀ ਨੇ ਫਿਰ ਕਿਹਾ, "ਪ੍ਰੇਮੀਆ, ਗੁਰੂ ਕਾ ਲੰਗਰ ਹੈ, ਜ਼ਰੂਰ ਛਕ ਕੇ ਜਾਣਾ"। ਉਸ ਪ੍ਰੇਮੀ ਨੇ ਫਿਰ ਅੱਗੋਂ ਜਵਾਬ ਦਿੱਤਾ, "ਨਹੀਂ ਮਹਾਰਾਜ, ਘਰ ਜਾ ਕੇ ਹੀ ਖਾਵਾਂਗੇ"। ਤੀਸਰੀ ਵਾਰੀ ਫਿਰ ਸੰਤਾਂ ਨੇ ਕਿਹਾ ਕਿ ਗੁਰੂ ਕਾ ਲੰਗਰ ਛਕਣਾ ਚਾਹੀਦਾ ਹੈ ਤਾਂ ਉਸ ਨੇ ਕਿਹਾ, "ਮਹਾਰਾਜ! ਇਹ ਰੁੱਖੇ-ਸੁੱਕੇ ਪ੍ਰਸ਼ਾਦੇ ਸਾਡੇ ਗਲੇ ਤੋਂ ਅੰਦਰ ਨਹੀਂ ਲੰਘਦੇ"।
ਸੰਤ ਜੀ ਨੇ ਇਹ ਵਿਚਾਰਿਆ ਕਿ ਇਹ ਗੁਰੂ ਕੇ ਲੰਗਰ ਦੀ ਨਿੰਦਾ ਕਰਦਾ ਹੈ, ਉਸੇ ਵੇਲੇ ਲੰਗਰ ਵਿੱਚੋਂ ਦੋ ਪ੍ਰਸ਼ਾਦੇ ਮੰਗਵਾ ਕੇ ਉਸ ਦੇ ਹੱਥਾਂ ਉੱਤੇ ਸੁਕੀਆਂ ਰੋਟੀਆਂ ਵਿੱਚੋਂ ਘਿਓ ਨਿਚੋੜ ਕੇ ਦਿਖਾਇਆ ਤੇ ਤਾੜਨਾ ਕਰਕੇ ਕਿਹਾ ਕਿ ਫਿਰ ਗੁਰੂ ਕੇ ਲੰਗਰ ਦੀ ਨਿੰਦਾ ਨਹੀਂ ਕਰਨੀ, ਕਿਉਂਕਿ ਲੰਗਰ ਵਿੱਚ ਸਵਾ ਮਣ (੫੦ ਕਿੱਲੋ) ਘਿਓ ਗੁਪਤ ਰੂਪ ਵਿੱਚ ਪੈਂਦਾ ਹੈ, ਜਿਸ ਨੂੰ ਸਾਡੀਆਂ ਦੁਨਿਆਵੀ ਅੱਖਾਂ ਨਹੀਂ ਦੇਖ ਸਕਦੀਆਂ। ਗੁਰਦੁਆਰਿਆਂ ਵਿੱਚ ਨਾਮ-ਬਾਣੀ ਸਿਮਰਨ ਕਰਨ ਨਾਲ ਬਾਣੀ ਲੰਗਰ ਵਿੱਚ ਪ੍ਰਵੇਸ਼ ਕਰਦੀ ਹੈ, ਜਿਸ ਕਰਕੇ ਲੰਗਰ ਸੁਆਦ ਅਤੇ ਬਰਕਤ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਘਰਾਂ ਵਿੱਚ ਬੀਬੀਆਂ ਲੰਗਰ ਬਣਾਉਣ ਸਮੇਂ ਪਾਠ ਕਰਦੀਆਂ ਹਨ, ਉਹ ਲੰਗਰ ਸੁਆਦ ਤੇ ਬਰਕਤ ਵਾਲਾ ਹੁੰਦਾ ਹੈ: