
Sign up to save your podcasts
Or


#SantAttarSinghji #Sakhi
ਪੰਥ ਦੀ ਤਰੱਕੀ
ਫ਼ਿਰੋਜ਼ਪੁਰ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ ਕਿ ਪੰਥ ਦੀ ਤਰੱਕੀ ਉਦੋਂ ਹੋਵੇਗੀ ਜਦੋਂ:
੧. ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ ਹਰੇਕ ਪਿੰਡ, ਨਗਰ, ਕਸਬੇ, ਸ਼ਹਿਰ ਆਦਿਕ ਦੀਆਂ ਖੂਹੀਆਂ 'ਤੇ ਸਾਧ-ਸੰਗਤ ਦੇ ਡੋਲ ਖੜਕਣਗੇ ਅਥਵਾ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਜਾਵੇਗਾ ਅਤੇ 'ੴਸਤਿਨਾਮੁ' ਦੀ ਧੁਨੀ ਉੱਠੇਗੀ।
੨. ਗੁਰੂ ਖ਼ਾਲਸੇ ਦਾ ਇੱਕ ਹੀ ਖ਼ਜ਼ਾਨਾ ਹੋਵੇਗਾ। ਸੰਗਤਾਂ, ਆਸ਼ਰਮਾਂ ਅਤੇ ਪੰਥਕ ਕਾਰਜਾਂ ਲਈ ਆਪਣਾ ਦਸਵੰਧ, ਕਾਰ ਭੇਟ ਆਦਿਕ ਇਸ ਖ਼ਜ਼ਾਨੇ ਵਿੱਚ ਹਰ ਸਾਲ ਜਾਂ ਹਰ ਮਹੀਨੇ ਜਮ੍ਹਾਂ ਕਰਾਉਣਗੀਆਂ। ਮੰਗਣ ਨਾਲ ਖ਼ਾਲਸੇ ਦੇ ਨਿਰਭੈ ਅਤੇ ਬੇਪ੍ਰਵਾਹ ਹਿਰਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ।
੩. ਪੰਥ ਦੇ ਸਾਰੇ ਅੰਗ ਨਾਮ ਜਪਣਗੇ ਅਤੇ ਹਰੀ-ਕੀਰਤਨ ਨੂੰ ਮੁੱਖ ਕਾਰ ਸਮਝਣਗੇ ਤੇ ਆਪਣੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣਗੇ।
#SantAttarSinghji #Sakhi
ਸੰਸਾਰ ਵਿਸ਼ੇ-ਵਿਕਾਰਾਂ ਦੀ ਭੱਠੀ ਵਿਚ ਭੁੱਜ ਰਿਹਾ ਹੈ
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ (੧੫੬)
ਸੰਤ ਅਤਰ ਸਿੰਘ ਜੀ ਮਹਾਰਾਜ ਰਾਤ ਨੂੰ ਬਾਰਾਂ ਵਜੇ ਤੋਂ ਪਿੱਛੋਂ ਉਬੜਵਾਹੇ ਉੱਠ, ਇਸ਼ਨਾਨ ਕਰ, ਸਮਾਧੀ ਸਥਿਤ ਹੋ, ਨਾਮ-ਸਿਮਰਨ ਵਿੱਚ ਜੁੜ ਜਾਂਦੇ। ਸੇਵਕਾਂ ਦੇ ਪੁੱਛਣ 'ਤੇ ਸੰਤਾਂ ਨੇ ਕਿਹਾ, "ਭਾਈ! ਜਿਸ ਵੇਲੇ ਅਸੀਂ ਰਾਤ ਬਿਰਾਜਦੇ ਹਾਂ, ਸਾਨੂੰ ਸੰਸਾਰ ਦਾਣਿਆਂ ਵਾਂਗੂੰ ਵਿਸ਼ੇ-ਵਿਕਾਰਾਂ ਦੀ ਭੱਠੀ ਵਿੱਚ ਭੁੱਜ ਰਿਹਾ ਅਨੁਭਵ ਹੁੰਦਾ ਹੈ। ਇਹ ਕਸ਼ਟ ਸਾਡੇ ਕੋਲੋਂ ਸਹਾਰਿਆ ਨਹੀਂ ਜਾਂਦਾ। ਇਸ ਲਈ ਕਰਤਾਰ ਅੱਗੇ ਅਰਦਾਸ ਕਰਦੇ ਹਾਂ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ (੮੫੩)
#SantAttarSinghji #Sakhi
ਜਥੇਬੰਦੀ ਦੀ ਜੁਗਤ
ਇੱਕ ਵਾਰ ਪੰਥ ਦੇ ਉੱਘੇ ਲੀਡਰ, ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ, ਧੜੇਬੰਦੀ ਨੇ ਪੰਥ ਦੀ ਜਿੱਤ 'ਤੇ ਪਾਣੀ ਫੇਰ ਦਿੱਤਾ ਹੈ। ਕੋਈ ਉਪਾਓ ਦੱਸੋ ਕਿ ਸਾਰਾ ਪੰਥ ਇਕੱਠਾ ਹੋ ਜਾਵੇ। ਪੰਥ ਨੂੰ ਧੜੇਬੰਦੀ ਤੋਂ ਮੁਕਤ ਕਰਾਉਣ ਲਈ ਸੰਤ ਜੀ ਨੇ ਫ਼ੁਰਮਾਇਆ, "ਜੇ ਪਹਿਲਾਂ ਸਾਰੀ ਜਥੇਬੰਦੀ ਨਾਮ-ਬਾਣੀ ਸਿਮਰਨ ਦੇ ਆਸਰੇ ਪੱਕੀ ਹੁੰਦੀ ਤਾਂ ਕੋਈ ਤਾਕਤ ਇਨ੍ਹਾਂ ਨੂੰ ਪਾੜ ਕੇ ਕਾਰਜਾਂ ਵਿੱਚ ਵਿਘਨ ਨਹੀਂ ਸੀ ਪਾ ਸਕਦੀ। ਸਾਰੇ ਧੜਿਆਂ ਦੇ ਮੁਖੀ ਸੱਜਨ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਕੇ ਕੀਰਤਨ ਕਰਿਆ ਕਰਨ, ਗੁਰਸ਼ਬਦ ਮੇਲ ਕਰਵਾ ਦੇਵੇਗਾ।" ਇਹ ਸੁਣ ਉਨ੍ਹਾਂ ਨੇ ਸੰਤਾਂ ਨੂੰ ਕਿਹਾ ਕਿ ਇਹ ਬੜਾ ਕਠਿਨ ਕੰਮ ਹੈ। ਕੋਈ ਅਮਲੀ ਉਪਾਓ ਦੱਸੋ। ਸੰਤਾਂ ਨੇ ਬੜੇ ਜਲਾਲ ਵਿੱਚ ਆ ਕੇ ਕਿਹਾ, "ਖ਼ਾਲਸਾ ਜੀ! ਦੁੱਧ ਵੀ ਤੁਹਾਡਾ, ਖੰਡ ਵੀ ਤੁਹਾਡੀ, ਅਸੀਂ ਤਾਂ ਉਂਗਲ ਫੇਰਨੀ ਜਾਣਦੇ ਹਾਂ। ਗੁਰਮਤਿ ਜੁਗਤ ਇਹ ਹੈ ਕਿ ਜਦੋਂ ਤੁਸੀਂ ਸਾਰੇ ਰਲ ਕੇ ਬਗੈਰ ਲਿਹਾਜ ਦੇ, ਬਾਣੀ ਵਿੱਚ ਢਲੇ ਹੋਏ, ਪੰਜ ਗੁਰਸਿੱਖ (ਪਿਆਰੇ) ਅਤੇ ਇੱਕ ਗੁਰਮੁਖ ਸਾਖੀ (ਗ੍ਰੰਥੀ) ਚੁਣ ਲਵੋਗੇ ਤੇ ਇਨ੍ਹਾਂ ਦੇ ਹੁਕਮ ਵਿੱਚ ਜਿਸ ਕੰਮ ਨੂੰ ਗੁਰੂ ਕੀ ਤਾਬੇ ਗੁਰਮਤਾ ਕਰਕੇ ਹੱਥ ਪਾਵੋਗੇ, ਫ਼ਤਹਿ ਹੋਵੇਗਾ। ਪਰ ਇਹ ਨਾ ਹੋਵੇ ਕਿ ਅੱਜ ਕੋਠੇ ਚਾੜ੍ਹ ਦਿੱਤਾ ਤੇ ਕੱਲ੍ਹ ਪੌੜੀ ਖਿੱਚ ਲਈ। ਜਦ ਤੱਕ ਇਹ ਪ੍ਰੇਮੀ ਜਿਉਂਦੇ ਰਹਿਣ ਤੇ ਰਹਿਤ-ਮਰਿਯਾਦਾ ਵਿੱਚ ਪੱਕੇ ਰਹਿਣ, ਤਦ ਤੱਕ ਪੰਥ ਇਨ੍ਹਾਂ ਦੀ ਆਗਿਆ ਵਿੱਚ ਰਹੇ।" ਸੰਤਾਂ ਦੇ ਇਹ ਸ਼ੁਭ ਬਚਨ ਅਜੇ ਤੀਕਰ ਜਮ੍ਹਾਂ ਹਨ:
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥ (੧੨੦੪)
#SantAttarSinghji #Sakhi
ਗੁਰਮਤਿ ਸੰਨਿਆਸ
ਸਿੰਧ ਦੇ ਦੌਰੇ ਸਮੇਂ ਦੋ ਦਿਨ ਗੱਡੀ ਦੇ ਸਫ਼ਰ ਵਿੱਚ ਕਿਸੇ ਨੇ ਵੀ ਪ੍ਰਸ਼ਾਦਾ ਨਾ ਛਕਿਆ। ਜਿਸ ਗੁਰਦੁਆਰੇ ਰਾਤ ਠਹਿਰੇ, ਉੱਥੇ ਸੰਤਾਂ ਨੇ ਤਾਂ ਜੁਗਤ ਨਾਲ ਅਲਪ-ਅਹਾਰ ਹੀ ਕੀਤਾ ਪਰ ਸੇਵਕਾਂ ਨੇ ਰੱਜ-ਰੱਜ ਦੋ ਦਿਨ ਦੀਆਂ ਕਸਰਾਂ ਕੱਢੀਆਂ ਅਤੇ ਸਵੇਰੇ ਪੰਜ ਵਜੇ ਤੱਕ ਸੁੱਤੇ ਰਹੇ। ਸੰਤ ਜੀ ਮਹਾਰਾਜ ਆਪਣੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਇੱਕ ਵਜੇ ਜਾਗ, ਇਸ਼ਨਾਨ ਕਰ, ਨਿੱਤਨੇਮ ਸਿਮਰਨ ਵਿੱਚ ਜੁੱਟ ਗਏ। ਪੰਜ ਵਜੇ ਸਭ ਨੂੰ ਆਪ ਨੇ ਜਗਾਇਆ ਅਤੇ ਸਮਝਾਇਆ, "ਪ੍ਰੇਮੀਓ! ਫ਼ਕੀਰੀ (ਗੁਰਮਤਿ ਮਾਰਗ) ਬੜੀ ਦੂਰ ਹੈ। ਜਦ ਤੱਕ ਸਿਮਰਨ ਅਤੇ ਸੇਵਾ ਦੇ ਆਸਰੇ ਨਾਮ ਰੂਪ ਹੋ ਕੇ ਸਰੀਰ ਤੋਂ ਉੱਤੇ ਉੱਠ ਕੇ ਪਾਰ ਨਾ ਹੋ ਜਾਵੇ, ਫ਼ਕੀਰ (ਗੁਰਮਤਿ ਮਾਰਗ ਦਾ ਪਾਂਧੀ) ਨਹੀਂ ਬਣਦਾ। ਅਸੀਂ ਤਾਂ ਥੋੜ੍ਹੇ ਜਿਹੇ ਦੁੱਖ ਨੂੰ ਦੁੱਖ ਮਨ ਲੈਂਦੇ ਹਾਂ ਅਤੇ ਸਰੀਰ ਦੇ ਅਧੀਨ ਹੋ ਕੇ ਸਤਿਗੁਰੂ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ। ਭਾਈ! ਫ਼ਕੀਰੀ ਬਾਣਾ ਧਾਰਨ ਦਾ ਤਾਂ ਇਹੀ ਗੁਣ ਹੈ ਕਿ ਘੱਟ ਤੋਂ ਘੱਟ ਭੇਖ (ਬਾਣਾ) ਦੀ ਲਾਜ ਕਰਕੇ ਹੀ ਹਰ ਵੇਲੇ ਸਤਿਗੁਰੂ ਦਾ ਹੁਕਮ ਯਾਦ ਰਹੇ। ਗੁਰਮਤਿ ਅਨੁਸਾਰ ਫਕੀਰੀ ਦੇ ਅਰਥ ਇਹ ਹਨ, ਫ: ਫਨਾਹ ਅਥਵਾ ਆਪਣੀ ਹਉਮੈ ਨੂੰ ਮਾਰਨਾ; ਕ: ਕਿਨਾਰੇ ਅਥਵਾ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਵਸਤੂ ਨਾਲ ਮੋਹ ਨਹੀਂ ਪਾਉਣਾ; ਰ: ਰਹਿਮਦਿਲ ਅਥਵਾ ਕੋਈ ਵੀ ਬੁਰਾ-ਭਲਾ ਕਹੇ ਤਾਂ ਮਨ ਵਿੱਚ ਉਸ ਦੇ ਪ੍ਰਤੀ ਵਾਹਿਗੁਰੂ ਅੱਗੇ ਅਰਦਾਸ ਹੀ ਕਰਨੀ ਹੈ ਅਤੇ ਗੁੱਸਾ ਨਹੀਂ ਕਰਨਾ।"
ਸਿੱਖ ਦੀ ਸਹਾਇਤਾ
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ (੨੮੬)
ਸੰਤ ਜੀ ਮਹਾਰਾਜ ਦੱਸਦੇ ਕਿ ਭਾਈ, ਗੁਰੂ ਸਿੱਖ ਦੀ ਇਸ ਤਰ੍ਹਾਂ ਸਹਾਇਤਾ ਕਰਦਾ ਹੈ, ਜਿਸ ਤਰ੍ਹਾਂ ਮਾਤਾ ਆਪਣੇ ਛੋਟੇ ਬੱਚੇ ਨੂੰ ਸੰਭਾਲਦੀ ਹੈ। ਜੇ ਰੋਵੇ ਅਤੇ ਆਖੇ ਨਾ ਲੱਗੇ ਤਾਂ ਝਿੜਕਦੀ ਹੈ, ਪਰ ਜੇ ਫੇਰ ਉਂਗਲ ਫੜ ਲਵੇ ਤਾਂ ਉਂਗਲ ਦੇ ਸਹਾਰੇ ਕੁੱਛੜ ਚੁੱਕ ਲੈਂਦੀ ਹੈ। ਏਸ ਤਰ੍ਹਾਂ ਜੇ ਸਿੱਖ ਗੁਰੂ ਦੀ ਉਂਗਲ ਫੜ ਲਵੇ ਤਾਂ ਗੁਰੂ ਸਿੱਖ ਨੂੰ ਗੋਦੀ ਵਿੱਚ ਲੈ ਲੈਂਦਾ ਹੈ ਨਹੀਂ ਤਾਂ ਸਿੱਖ ਆਪਣੇ ਹੱਠ ਵਿੱਚ ਪਿਆ ਰੋਈ ਜਾਂਦਾ ਹੈ:
ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ (੬੪੦)
ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ, ਸਤਿਗੁਰੁ ਕੋਟਿ ਪੈਂਡਾ ਆਗੇ ਹਇ ਲੇਤ ਹੈ । (ਭਾਈ ਗੁਰਦਾਸ ਜੀ)
#Sakhi #SantAttarSinghJi
ਸਿੱਧੀਆਂ ਧਾਰਨਾਂ
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ (੧੦੨)
ਸੰਤ ਅਤਰ ਸਿੰਘ ਜੀ ਮਹਾਰਾਜ ਧੰਨ ਪੋਠੋਹਾਰ ਵਿੱਚ ਰਾਗਾਂ ਵਿੱਚ ਹੀ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉੱਥੋਂ ਦੇ ਸਿੱਖ ਰਾਗਾਂ ਨੂੰ ਸਮਝਦੇ ਸਨ। ਜਦੋਂ ਸੰਤ ਜੀ ਮਾਲਵੇ ਵਿੱਚ ਆਏ ਤਾਂ ਇੱਥੋਂ ਦੇ ਲੋਕ ਰਾਗਾਂ ਬਾਰੇ ਕੁਝ ਨਹੀਂ ਸੀ ਜਾਣਦੇ। ਜਦੋਂ ਵੀ ਕੋਈ ਧਾਰਮਿਕ ਦੀਵਾਨ ਹੁੰਦਾ ਅਤੇ ਕੋਈ ਰਾਗੀ ਰਾਗਾਂ ਵਿੱਚ ਕੀਰਤਨ ਕਰਦੇ ਤਾਂ ਮਾਲਵੇ ਦੇ ਲੋਕ ਕੁਝ ਨਹੀਂ ਸਮਝਦੇ ਸਨ ਅਤੇ ਉੱਠ ਕੇ ਚਲੇ ਜਾਂਦੇ ਸਨ। ਮਾਲਵੇ ਦੇ ਜਿਆਦਾਤਰ ਲੋਕ ਮੜ੍ਹੀ, ਮਸਾਣ, ਕਬਰਾਂ, ਖੁਆਜਾ ਅਤੇ ਗੁੱਗੇ-ਪੀਰਾਂ ਨੂੰ ਪੂਜਦੇ ਸਨ। ਉਹ ਲੋਕ ਬੜੀਆਂ ਹੀ ਗੰਦੀਆਂ ਬੋਲੀਆਂ ਵਿੱਚ ਆਪਣੀਆਂ ਹੀ ਬਣਾਈਆਂ ਧਾਰਨਾਂ ਵਿੱਚ ਗੰਦੇ ਗੀਤ ਗਾਉਂਦੇ ਸਨ। ਸੰਤ ਜੀ ਮਹਾਰਾਜ ਨੇ ਆਪਣੇ ਇਲਾਹੀ ਗਿਆਨ ਨਾਲ ਇਹ ਨਿਰਣਾ ਲਿਆ ਕਿ ਇਹ ਲੋਕ ਰਾਗਾਂ ਵਿੱਚ ਗੁਰਬਾਣੀ-ਕੀਰਤਨ ਰਾਹੀਂ ਸਿੱਖੀ ਨਾਲ ਨਹੀਂ ਜੁੜ ਸਕਦੇ। ਮਹਾਂਪੁਰਸ਼ਾਂ ਨੇ ਉਨ੍ਹਾਂ ਦੀਆਂ ਬੋਲੀਆਂ ਅਤੇ ਤਰਜਾਂ ਨੂੰ ਲੈ ਕੇ ਗੁਰਬਾਣੀ ਦਾ ਕੀਰਤਨ ਐਸੇ ਢੰਗ ਨਾਲ ਕੀਤਾ ਕਿ ਮਾਲਵੇ ਦੇ ਲੋਕ ਸਿੱਖੀ ਨਾਲ ਜੁੜਨ ਲੱਗ ਪਏ। ਉਨ੍ਹਾਂ ਨੇ ਪੁਰਾਣੀਆਂ ਕੁਰੀਤੀਆਂ ਅਤੇ ਵਹਿਮ-ਭਰਮ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲੱਗ ਪਏ। ਇਸ ਸਿੱਧੀਆਂ ਧਾਰਨਾ ਦੇ ਕੀਰਤਨ ਨੇ ਮਾਲਵੇ ਦੇ ਲੋਕਾਂ ਦੇ ਹਿਰਦਿਆਂ ਨੂੰ ਐਸਾ ਹਲੂਣਾ ਦਿੱਤਾ ਕਿ ਉਹ ਲੋਕ ਸਿੱਖੀ ਵੱਲ ਪ੍ਰੇਰਿਤ ਹੋ ਕੇ ਅੰਮ੍ਰਿਤ ਛਕਣ ਲਗ ਪਏ। ਮਾਲਵੇ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਮਹਾਂਪੁਰਸ਼ਾਂ ਨੇ ਇਹ ਬਹੁਤ ਹੀ ਉੱਚਾ-ਸੁੱਚਾ ਅਤੇ ਸੌਖਾ ਢੰਗ ਲੱਭਿਆ। ਇਹ ਧਾਰਨਾਂ ਦੀ ਰਵਾਇਤ ਮਾਲਵੇ ਦੇ ਸੰਤਾਂ-ਮਹਾਂਪੁਰਸ਼ਾਂ ਨੇ ਅਪਨਾ ਲਈ ਅਤੇ ਧਾਰਨਾਂ ਵਿੱਚ ਕੀਰਤਨ ਕਰਨ ਦਾ ਮੁੱਢ ਬੱਝਿਆ।
ਸੰਤ ਅਤਰ ਸਿੰਘ ਜੀ ਮਹਾਰਾਜ ਗੁਰਬਾਣੀ ਸ਼ਬਦਾਂ ਦੀਆਂ ਸਿੱਧੀਆਂ ਧਾਰਨਾਂ ਉੱਚੀ ਸੁਰ ਵਿੱਚ ਪਹਿਲਾਂ ਆਪ ਪੜ੍ਹਦੇ, ਫਿਰ ਭਾਈ ਅਤੇ ਪਿੱਛੋਂ ਬੀਬੀਆਂ ਪੜ੍ਹਦੀਆਂ। ਇਸ ਤਰ੍ਹਾਂ ਸਾਰਾ ਵਾਤਾਵਰਨ ਹੀ ਸ਼ਬਦ ਦੀ ਗੂੰਜ ਨਾਲ ਭਰਪੂਰ ਹੋ ਜਾਂਦਾ ਅਤੇ ਸਭ ਨੂੰ ਵਿਸਮਾਦ ਦੀ ਰੰਗਣ ਵਿੱਚ ਲੈ ਜਾਂਦਾ। ਇੱਕ ਦੀਵਾਨ ਵਿੱਚ ਭਾਈ ਦੀਦਾਰ ਸਿੰਘ ਜੀ ਨੇ ਫ਼ੁਰਨਾ ਕੀਤਾ ਕਿ ਸੰਤਾਂ ਨੂੰ ਰਾਗ ਦੀ ਸੋਝੀ ਨਹੀਂ। ਸ਼ਬਦ ਦੇ ਭੋਗ ਮਗਰੋਂ ਸੰਤ ਜੀ ਨੇ ਖ਼ਾਸ ਰੰਗ ਵਿੱਚ ਆ ਕੇ ਸਮੇਂ ਅਨੁਸਾਰ ਰਾਗ ਵਿੱਚ ਸ਼ਬਦ ਪੜ੍ਹਿਆ ਅਤੇ ਸਹਿਜ-ਸੁਭਾਇ ਕਿਹਾ, "ਭਾਈ! ਗੁਰੂ ਨਾਨਕ ਸਾਹਿਬ ਦੇ ਕੂਕਰਾਂ ਨੂੰ ਰਾਗ ਸਿੱਖਣ ਦੀ ਲੋੜ ਨਹੀਂ ਹੁੰਦੀ। ਸੁਤੇ ਸਿਧ ਹੀ ਸਤਿਗੁਰੂ ਜੀ ਉਨ੍ਹਾਂ ਦੇ ਹਿਰਦੇ ਵਿੱਚ ਰਾਗ ਵਿੱਦਿਆ ਦੀ ਬਖਸ਼ਿਸ਼ ਕਰਦੇ ਹਨ।" ਇੱਕ ਵਾਰ ਸੰਤ ਜੀ ਧਾਰਨਾਂ ਵਿੱਚ ਗੁਰਬਾਣੀ-ਕੀਰਤਨ ਕਰ ਰਹੇ ਸਨ, ਉਨ੍ਹਾਂ ਦੇ ਕੋਲ ਹੀ ਭਾਈ ਕਾਹਨ ਸਿੰਘ ਨਾਭਾ ਬੈਠੇ ਸਨ ਤਾਂ ਸੰਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਭੋਲੀ-ਭਾਲੀ ਸੰਗਤ ਨੂੰ ਬਾਣੀ ਨਾਲ ਜੋੜਨ ਵਾਸਤੇ ਧਾਰਨਾਂ ਵਿੱਚ ਕੀਰਤਨ ਕਰਦੇ ਹਾਂ।
ਸੰਤਾਂ ਦੀ ਅਵਾਜ ਐਨੀ ਉੱਚੀ ਅਤੇ ਗਰਜਵੀਂ ਹੁੰਦੀ ਸੀ ਕਿ ਦੋ-ਦੋ ਮੀਲ ਤਕ ਸੁਣਾਈ ਦਿੰਦੀ ਸੀ। ਇੱਕ ਵਾਰ ਸੰਤ ਜੀ ਬੜੀ ਉੱਚੀ ਆਵਾਜ਼ ਵਿੱਚ ਕੀਰਤਨ ਕਰ ਰਹੇ ਸਨ ਤਾਂ ਦੂਰ ਖੇਤਾਂ ਵਿੱਚ ਇੱਕ ਕਿਸਾਨ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਸਾਧ ਕਿਸ ਤਰ੍ਹਾਂ ਕੱਟੇ ਵਾਗੂੰ ਅਰੜਾ (ਪਸ਼ੂ ਵਾਂਗੂੰ ਬੋਲ) ਰਿਹਾ ਹੈ। ਸੰਤਾਂ ਨੇ ਉਸ ਦੇ ਹਿਰਦੇ ਦੀ ਗੱਲ ਬੁੱਝ, ਉੱਚੀ ਸੁਰ ਵਿੱਚ ਪੜ੍ਹਿਆ, "ਹਰੀ ਦੇ ਗੁਣ ਗਾਓ ਭਾਵੇਂ ਕੱਟੇ ਵਾਂਗੂੰ ਅਰੜਾਓ।" ਉਸ ਕਿਸਾਨ ਦੇ ਹਿਰਦੇ ਵਿੱਚ ਪ੍ਰੇਮ ਦੀ ਐਸੀ ਠੋਕਰ ਵੱਜੀ ਕਿ ਉਹ ਉਸੇ ਵੇਲੇ ਹਲ ਛੱਡ ਦੌੜਿਆ ਆਇਆ ਅਤੇ ਸੰਤਾਂ ਦੇ ਚਰਨਾਂ 'ਤੇ ਢਹਿ ਕੇ ਰੋ-ਰੋ ਕੇ ਕਹਿਣ ਲੱਗਾ ਕਿ ਮੇਰੀ ਭੁੱਲ ਬਖਸ਼ ਕੇ ਗੁਰੂ ਨਾਲ ਜੋੜ ਦਿਓ।
#Sakhi #SantAttarSinghJi
'ਅੰਮ੍ਰਿਤ-ਬਾਟਾ' ਸਭ ਦਾ ਸਾਂਝਾ
ਕੁਝ ਸਮੇਂ ਪਹਿਲਾਂ ਪੰਥ ਵਿੱਚ ਆਈ ਢਿੱਲ ਕਾਰਣ, ਬੀਬੀਆਂ ਨੂੰ ਖੰਡੇ-ਬਾਟੇ ਦੇ ਅੰਮ੍ਰਿਤ ਦੀ ਜਗ੍ਹਾ, ਕਿਰਪਾਨ ਨਾਲ ਹੀ ਅੰਮ੍ਰਿਤ ਛਕਾ ਦੇਣਾ ਪ੍ਰਚੱਲਤ ਹੋ ਗਿਆ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਫ਼ੁਰਮਾਉਂਦੇ, "ਭਾਈ! ਦਾਤੇ ਦਾ ਅੰਮ੍ਰਿਤ-ਬਾਟਾ ਮਾਈ-ਭਾਈ ਸਭ ਲਈ ਸਾਂਝਾ ਹੈ।" ਇਉਂ ਸਿੰਘਣੀਆਂ ਨੂੰ ਖੰਡੇ-ਬਾਟੇ ਨਾਲ ਅੰਮ੍ਰਿਤ ਛਕਾਉਣ ਦੀ ਮਰਿਯਾਦਾ ਸੁਰਜੀਤ ਹੋਈ। ਸੰਤ ਜੀ ਫ਼ੁਰਮਾਉਂਦੇ, "ਜਿੱਥੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਣੀ ਪੜ੍ਹ ਕੇ ਗੁਰ ਮਰਿਯਾਦਾ ਅਨੁਸਾਰ ਅੰਮ੍ਰਿਤ ਤਿਆਰ ਕਰਦੇ ਹਨ, ਉੱਥੇ ਸਤਿਗੁਰੂ ਬੀਰ-ਰਸ, ਨਾਮ-ਰਸ ਅਤੇ ਪ੍ਰੇਮ-ਰਸ ਦਾ ਪ੍ਰਕਾਸ਼ ਕਰਦੇ ਹਨ ਅਤੇ ਖ਼ੁਦ ਹਾਜ਼ਰ ਹੋ ਕੇ ਅੰਮ੍ਰਿਤ ਛਕਾਉਂਦੇ ਹਨ। ਇਸ ਲਈ ਕੋਈ ਫ਼ਰਕ ਨਹੀਂ ਕਰਨਾ ਚਾਹੀਦਾ ਕਿ ਕਿਸ ਤੋਂ ਅੰਮ੍ਰਿਤ ਛਕਣਾ ਹੈ।" ਇਹ ਵੀ ਫੁਰਮਾਉਂਦੇ ਕਿ ਅਸੀਂ ਤਾਂ ਸਤਿਗੁਰੂ ਦੇ ਇੱਕ ਗਰੀਬ ਸਿੱਖ ਹਾਂ, ਪੰਜਾਂ ਪਿਆਰਿਆਂ ਵਿੱਚ ਤਾਂ ਸਤਿਗੁਰੂ ਆਪ ਵਰਤਦੇ ਹਨ।
#Sakhi #SantAttarSinghJi
'ਮਰਿਯਾਦਾ ਪ੍ਰਸ਼ੋਤਮ ਸੰਤ ਜੀ ਮਹਾਰਾਜ ਮਰਿਯਾਦਾ ਪ੍ਰਸ਼ੋਤਮ ਸਨ। ਸ਼ਬਦ-ਕੀਰਤਨ ਵੇਲੇ ਸੰਗਤ ਨਾਲ ਹੀ ਬੈਠਦੇ, ਨਾ ਕਿ ਵੱਖਰੇ ਆਸਣ 'ਤੇ। ਕੀਰਤਨ ਕਰਦੀ ਹੋਈ ਸੰਗਤ ਨਾਲ ਸਵਾਰੀ ਦੀ ਜਗ੍ਹਾ ਪੈਦਲ ਚੱਲਦੇ। ਆਪ ਫ਼ੁਰਮਾਉਂਦੇ, "ਭਾਈ, ਸ਼ਬਦ-ਕੀਰਤਨ ਹੁੰਦਿਆਂ ਗੁਰ ਫਤਹਿ ਬੁਲਾਉਣੀ ਹੀ ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਵਿਅਕਤੀ ਨੂੰ ਮੱਥਾ ਟੇਕਣਾ ਮਰਿਯਾਦਾ ਦੇ ਉਲਟ ਹੈ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੀ ਬੈਠਦੇ ਤਾਂ ਜੋ ਪ੍ਰੇਮੀ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਰਨ। ਸੰਤ ਜੀ ਮਹਾਰਾਜ ਨੂੰ ਰਾਵਲ ਪਿੰਡੀ ਕਿਸੇ ਪ੍ਰੇਮੀ ਨੇ ਪੁੱਛਿਆ ਕਿ ਆਪ ਜੀ ਦਾ ਦੇਹਧਾਰੀ ਗੁਰੂ ਦੇ ਮੁਤੱਲਕ ਕੀ ਖ਼ਿਆਲ ਹੈ ਤਾਂ ਸੰਤ ਜੀ ਨੇ ਫ਼ੁਰਮਾਇਆ, "ਦੇਹ ਅੱਜ ਤੱਕ ਨਾ ਗੁਰੂ ਹੋਈ ਹੈ ਅਤੇ ਨਾ ਹੋਵੇਗੀ। ਗੁਰੂ ਨਾਨਕ ਦੇਵ ਜੀ ਵੀ ਜਦੋਂ ਦੇਹ ਵਿੱਚ ਵਿੱਚਰਦੇ ਸਨ ਤਾਂ ਸ਼ਬਦ-ਗੁਰੂ ਦੀ ਹੀ ਠੋਕਰ ਮਾਰਦੇ ਸਨ।" ਜਦੋਂ ਸਿੱਧਾਂ ਨੇ ਗੁਰੂ ਜੀ ਨੂੰ ਪੁੱਛਿਆ:
ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ (੯੪੨)
ਤਾਂ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (੯੪੨)
ਸ਼ਬਦ-ਗੁਰੂ ਹੀ ਸਿੱਖੀ ਦਾ ਧੁਰਾ ਹੈ ਅਤੇ ਸਿੱਖ ਦੀ ਸੁਰਤ ਉਸ ਦਾ ਚੇਲਾ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ (੯੮੨)
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ (੫੧੬)
#SantAttarSinghji #Sakhi
ਅੰਮ੍ਰਿਤ ਸੰਚਾਰ
ਪ੍ਰਿਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੇ ॥
ਸੋਈ ਸਿਖ ਪਰਧਾਨ ਅਵਰ ਨ ਪਾਹੁਲ ਜੋ ਲਏ ॥
ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸਾਰੇ ਪੰਜਾਬ, ਸਿੰਧ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਨਾਮ-ਬਾਣੀ ਦਾ ਅਤੁੱਟ ਪ੍ਰਵਾਹ ਚਲਾਇਆ। ਲਗਭਗ ੧੪ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ-ਪਾਨ ਕਰਾ, ਗੁਰੂ ਕਲਗੀਆਂ ਵਾਲੇ ਦੇ ਜਹਾਜ਼ ਚੜ੍ਹਾਇਆ। ਪੰਥ ਦੇ ਕਈ ਉੱਘੇ ਵਿਅਕਤੀਆਂ, ਜਿਵੇਂ ਕਿ ਮਾਸਟਰ ਤਾਰਾ ਸਿੰਘ, ਡਾ. ਭਾਈ ਜੋਧ ਸਿੰਘ, ਭਾਈ ਹਰਿਕਿਸ਼ਨ ਸਿੰਘ, ਮਲਕ ਮੋਹਨ ਸਿੰਘ, ਸਾਬਕਾ ਐਮਬੈਸਡਰ ਮਲਕ ਹਰਦਿੱਤ ਸਿੰਘ ਅਤੇ ਸਿੱਖ ਰਿਆਸਤਾਂ ਦੇ ਰਾਜੇ-ਮਹਾਰਾਜਿਆਂ ਆਦਿ ਨੇ ਵੀ ਸੰਤਾਂ ਦੇ ਰਾਹੀਂ ਹੀ ਅੰਮ੍ਰਿਤ ਛਕਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ:
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥ (੯੧੮)
From the publisher's feed