#SantAttarSinghji #Sakhi #SantSamagam
ਮਾਈ ਭਾਗਭਰੀ ਨੇ ਕਨੋਹੇ ਸਿਮਰਨ ਸਮੇਂ ਸੰਤ ਜੀ ਦੀ ਅਣਥੱਕ ਸੇਵਾ ਕੀਤੀ। ਮਾਈ ਦਾ ਛੋਟਾ ਲੜਕਾ ਬੇਅੰਤ ਸਿੰਘ, ਜੋ ਤਿੰਨ ਸਾਲ ਦਾ ਸੀ, ਬਹੁਤ ਬਿਮਾਰ ਸੀ। ਜਦ ਸੰਤ ਜੀ ਸੰਗਤ ਨਾਲ ਪ੍ਰਸ਼ਾਦਾ ਛਕਣ ਲਈ ਭਾਈ ਵਜ਼ੀਰ ਸਿੰਘ ਦੇ ਘਰ ਗਏ ਤਦ ਭੁਝੰਗੀ ਦੇ ਸੁਆਸ ਮਾਈ ਦੀ ਝੋਲੀ ਵਿੱਚ ਨਿਕਲ ਚੁੱਕੇ ਸਨ। ਮਾਈ ਨੇ ਝੋਲੀ ਘੁੱਟ ਲਈ ਤੇ ਜਰਾ ਵੀ ਉਘ-ਸੁਘ ਨਾ ਨਿਕਲਣ ਦਿੱਤੀ ਅਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਈ। ਫਿਰ ਮਾਈ ਭਾਗਭਰੀ ਨੇ ਆਪਣੀ ਨਨਾਣ, ਜੋ ਰੋਟੀ ਪਕਾ ਰਹੀ ਸੀ, ਉਸ ਨੂੰ ਤੇ ਭਾਈ ਵਜ਼ੀਰ ਸਿੰਘ ਨੂੰ ਸੰਤਾਂ ਅਤੇ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਲਈ ਕਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਸੰਤ ਜੀ ਨੇ ਮਾਈ ਤੋਂ ਕਾਕੇ ਦਾ ਹਾਲ ਪੁੱਛਿਆ। ਮਾਈ ਨੇ ਕਿਹਾ ਕਿ ਆਪ ਜਾਣੀ-ਜਾਣ ਹੋ ਅਤੇ ਕਾਕੇ ਦਾ ਮੁਰਦਾ ਸਰੀਰ ਮੰਜੀ 'ਤੇ ਲਿਟਾ ਦਿੱਤਾ। ਸੰਤ ਜੀ ਮਹਾਰਾਜ ਦੇ ਮੁੱਖ ਤੋਂ ਇਹ ਬਚਨ ਨਿਕਲਿਆ, "ਇਸ ਦਾ ਨਾਂ ਹੈ 'ਇਲਾਹੀ ਸੇਵਾ'":
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ (੬੪੭)
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ (੧)
ਇੱਕ ਵਾਰ ਸੰਤ ਅਤਰ ਸਿੰਘ ਜੀ ਨੇ ਮਾਈ ਭਾਗਭਰੀ ਨੂੰ ਕਿਹਾ ਕਿ ਅਸੀਂ ਪੁਲਾਹੀਆਂ ਦੇ ਦਰਖਤਾਂ ਹੇਠ ਹੀ ਕਿਤੇ ਬੈਠੇ ਹੋਵਾਂਗੇ, ਸਾਡਾ ਪ੍ਰਸ਼ਾਦਾ ਉੱਥੇ ਲੈ ਆਉਣਾ। ਮਾਈ ਨੇ ਚਤੁਰਾਈ ਅਤੇ ਸਿਆਣਪ ਦੀ ਮਤ ਦੇ ਅਧੀਨ ਹੋ ਕੇ ਕਿਹਾ, "ਮਹਾਰਾਜ ਜੀ! ਤੁਸੀਂ ਫ਼ਿਕਰ ਨਾ ਕਰੋ, ਮੈਂ ਆਪੇ ਹੀ ਲੋੜ (ਲੱਭ) ਲੈਸਾਂ।" ਅਗਲੇ ਦਿਨ ਪ੍ਰਸ਼ਾਦਾ ਲਿਆ ਕੇ ਮਾਈ ਨੇ ਸੰਤਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸੰਤ ਜੀ ਨਜ਼ਰ ਨਹੀਂ ਆਏ। ਉਸ ਨੇ ਬੜੇ ਹੀ ਪ੍ਰੇਮ ਅਤੇ ਨਿਮਰਤਾ-ਸਹਿਤ ਖੜ੍ਹੇ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, "ਸੱਚੇ ਪਾਤਿਸ਼ਾਹ! ਆਪ ਜੀ ਦੇ ਗੁਰਮੁੱਖਾਂ ਦੀ ਅਸੀਂ ਅਲਪਗ ਜੀਵ ਬਰਾਬਰੀ ਨਹੀਂ ਕਰ ਸਕਦੇ। ਆਪ ਹੀ ਬਖਸ਼ਿਸ਼ ਕਰੋ।" ਅਰਦਾਸ ਉਪਰੰਤ ਜਦੋਂ ਮਾਈ ਨੇ ਨੇਤਰ ਖੋਲ੍ਹੇ ਤਾਂ ਸੰਤ ਜੀ ਉਸੇ ਜਗ੍ਹਾ 'ਤੇ ਹੀ ਨਜ਼ਰ ਆਏ। ਸੰਤਾਂ ਨੇ ਸਹਿਜ-ਸੁਭਾਇ ਮੁਸਕਰਾ ਕੇ ਕਿਹਾ ਕਿ ਅਸੀਂ ਤਾਂ ਇੱਥੇ ਹੀ ਸੀ, ਤੁਸੀਂ ਕਿੱਥੇ ਲੱਭਦੇ ਸੀ। ਮਾਈ ਨੇ ਬੇਨਤੀ ਕੀਤੀ ਕਿ ਇਹੋ ਜਿਹੇ ਇਲਾਹੀ ਕੌਤਕ ਸਾਡੀ ਅਕਲ ਸਮਝ ਤੋਂ ਬਹੁਤ ਪਰ੍ਹੇ ਹਨ:
ਚਤੁਰਾਈ ਨ ਚਤੁਰਭੁਜੁ ਪਾਈਐ ॥ ਭੋਲੇ ਭਾਇ ਮਿਲੇ ਰਘੁਰਾਇਆ ॥ (੩੨੪)
---
Send in a voice message: https://anchor.fm/sant-attar-singh-ji/message