#SantAttarSinghji #Sakhi #SantSamagam
ਭੁਝੰਗੀ ਹੁਕਮ ਸਿੰਘ ਸੰਗਤ ਦੇ ਨਾਲ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਿਆ। ਭੁਝੰਗੀ ਨੂੰ ਇਹ ਖ਼ਿਆਲ ਆਇਆ ਕਿ ਜੇ ਇਹ ਪੂਰਨ ਸੰਤ ਹਨ ਤਾਂ ਮੈਨੂੰ ਅਕਾਲ ਪੁਰਖ ਦੇ ਦਰਸ਼ਨ ਕਰਵਾ ਦੇਣ। ਸੰਤਾਂ ਨੇ ਉਸ ਦੇ ਹਿਰਦੇ ਦੀ ਤਾਰ ਬੁੱਝ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਇਹ ਪੂਰਾ ਸ਼ਬਦ ਪੜ੍ਹਿਆ:
ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ (੬੮੪)
ਇਹ ਸ਼ਬਦ ਸੁਣ ਕੇ ਭੁਝੰਗੀ ਦੀ ਨਿਸ਼ਾ ਹੋ ਗਈ। ਉਸ ਨੂੰ ਹਿਰਦੇ ਵਿੱਚ ਕਰਤਾਰ ਭਾਸਣ ਲੱਗ ਪਿਆ। ਦੀਵਾਨ ਤੋਂ ਬਾਅਦ ਜਦੋਂ ਸੰਗਤ ਨਾਲ ਵਾਪਸ ਜਾ ਰਿਹਾ ਸੀ ਤਾਂ ਫਿਰ ਹਉਮੈ ਦੇ ਡੰਗ ਮਾਰਨ ਤੇ ਇਹ ਸ਼ੰਕਾ ਹੋਇਆ ਕਿ ਇਹੋ ਜਿਹੇ ਸ਼ਬਦ ਤਾਂ ਸਾਰੇ ਹੀ ਪੜ੍ਹਦੇ ਹਨ ਪਰ ਮੈਨੂੰ ਸੰਤਾਂ ਨੇ ਰੱਬ ਦੇ ਦਰਸ਼ਨ ਨਹੀਂ ਕਰਾਏ। ਸੰਤਾਂ ਨੇ ਉਸ ਦੇ ਅੰਦਰ ਦੀ ਭਾਵਨਾ ਜਾਣ ਕੇ ਉਸ ਨੂੰ ਵਾਪਸ ਬੁਲਾਇਆ ਅਤੇ ਹੱਥ ਦੀ ਉਂਗਲੀ ਪਹਿਲੇ ਅਸਮਾਨ ਵੱਲ ਤੇ ਫਿਰ ਜ਼ਮੀਨ ਵੱਲ ਕੀਤੀ ਅਤੇ ਪ੍ਰੇਮ ਨਾਲ ਕਿਹਾ, "ਪ੍ਰਭੂ ਪ੍ਰੇਮਾ-ਬਿਰਤੀ ਵਿੱਚ ਉੱਤੇ ਵੀ ਚੜ੍ਹਾ ਸਕਦਾ ਹੈ ਅਤੇ ਹਉਮੈ ਅਧੀਨ ਸ਼ੰਕਾ-ਗ੍ਰਸਤ ਹੋਣ 'ਤੇ ਹੇਠਾਂ ਵੀ ਡੇਗ ਸਕਦਾ ਹੈ। ਜਿਨ੍ਹਾਂ ਨੂੰ ਦਰਸ਼ਨ ਦੀ ਖਿੱਚ ਹੋਵੇ, ਉਹ ਦਸਾਂ ਨਹੁੰਆਂ ਦੀ ਕਿਰਤ ਕਰਨ, ਆਪਣੀ ਕਮਾਈ ਦਾ ਦਸਵੰਧ ਗੁਰੂ ਵਲ ਲਾਉਣ:
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (੧੨੮੫)
ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਇਸ ਰਹਿਣੀ-ਬਹਿਣੀ ਤੇ ਚੱਲਣ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ (੩੦੫)
ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਵਾਹਿਗੁਰੂ ਦਾ ਜਾਪ ਕਰਨ, ਗੁਰਬਾਣੀ ਪੜ੍ਹਨ, ਸਾਧ-ਸੰਗਤ ਦੀ ਨਿਸ਼ਕਾਮ ਸੇਵਾ ਕਰਨ:
ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫)
ਦੇ ਮਹਾਂਵਾਕ ਅਨੁਸਾਰ ਆਪੇ ਨੂੰ ਭੁਲਾਉਣ ਤਾਂ ਅਨਭਉ ਪ੍ਰਕਾਸ਼ ਹੋ ਕੇ ਹਰਿ ਰੰਗ ਵਿੱਚ ਪਿਆਰਾ ਹੀ ਪਿਆਰਾ ਭਾਸਦਾ ਹੈ।" ਭੁਝੰਗੀ ਤ੍ਰਿਪਤ ਹੋ ਕੇ ਨਾਮ-ਸਿਮਰਨ ਵਿੱਚ ਜੁੱਟ ਗਿਆ।
---
Send in a voice message: https://anchor.fm/sant-attar-singh-ji/message