ਚੰਡੀਗੜ, 6 ਅਗਸਤ (CDT NEWS): ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਦੋ ਵਿਸ਼ੇਸ ਜਾਂਚ ਟੀਮਾਂ (ਐਸ.ਆਈ.ਟੀ.) ਦੇ ਗਠਨ ਦਾ ਆਦੇਸ਼ ਦਿੱਤਾ ਹੈ ਤਾਂ ਜੋ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਵਿਚ ਦਰਜ ਸਾਰੀਆਂ ਐਫ.ਆਈ.ਆਰਜ ਦੀ ਤੇਜੀ ਨਾਲ ਜਾਂਚ ਕੀਤੀ ਜਾ ਸਕੇ। ਏਡੀਜੀਪੀ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਦੋਵਾਂ ਐਸਆਈਟੀਜ਼ ਦੀ ਨਿਗਰਾਨੀ ਕਰਨਗੇ।
ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਕੁਲ ਪੰਜ ਮਕੁੱਦਮੇ ਦਰਜ ਕੀਤੇ ਹਨ ਜਿੰਨਾ ਵਿੱਚੋਂ ਤਰਨਤਾਰਨ ਵਿਚ 3, ਅੰਮਿ੍ਰਤਸਰ ਦਿਹਾਤੀ ਅਤੇ ਬਟਾਲਾ ਵਿਚ ਇੱਕ-ਇੱਕ ਐਫਆਈਆਰ ਦਰਜ ਕੀਤੀ ਗਈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪਹਿਲੀ ਵਾਰ ਐਸਪੀ- ਪੱਧਰ ਦੇ ਅਧਿਕਾਰੀਆਂ ਨੂੰ ਇਨਾਂ ਮਾਮਲਿਆਂ ਲਈ ਤਫਤੀਸੀ ਅਧਿਕਾਰੀ (ਆਈ.ਓ.) ਨਾਮਜਦ ਕੀਤਾ ਗਿਆ ਹੈ ਤਾਂ ਜੋ ਅਪਰਾਧੀਆਂ ਦੇ ਦੋਸ਼ ਜਲਦ ਤੋਂ ਜਲਦ ਸਾਹਮਣੇ ਲਿਆਂਦੇ ਜਾ ਸਕਣ।
ਡੀ.ਜੀ.ਪੀ. ਨੇ ਜਾਂਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਐਸ.ਆਈ.ਟੀ. ਦੀ ਨਿਗਰਾਨੀ ਹੇਠ ਪੰਜਾਬ ਰਾਜ ਦੇ ਅੰਦਰ ਅਤੇ ਬਾਹਰ ਦੋਵੇਂ ਹਰ ਕਿਸਮ ਦੇ ਸਬੰਧਾਂ ਨੂੰ ਉਜਾਗਰ ਕਰਨ ਲਈ ਪੂਰੀ ਅਤੇ ਵਿਆਪਕ ਜਾਂਚ ਨੂੰ ਯਕੀਨੀ ਬਣਾਇਆ ਜਾਵੇ। ਡੀ.ਜੀ.ਪੀ. ਨੇ ਕਿਹਾ ਕਿ ਆਈ.ਓਜ਼ ਸਬੰਧਤ ਅਦਾਲਤਾਂ ਵਿੱਚ ਜਲਦੀ ਤੋਂ ਜਲਦੀ ਆਪਣੇ ਦਸਤਖਤਾਂ ਹੇਠ ਅੰਤਮ ਰਿਪੋਰਟ ਦਾਇਰ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ।