
Sign up to save your podcasts
Or


#SantAttarSinghji #Sakhi
ਫ਼ੌਜ ਵਿੱਚੋਂ ਨੌਕਰੀ ਛੱਡਣਾ ਸੰਤ ਅਤਰ ਸਿੰਘ ਜੀ ਨੂੰ ਚੀਮੇਂ ਤੋਂ ਪਤਾ ਲੱਗਾ ਕਿ ਫ਼ੌਜੀ ਅਫ਼ਸਰ ਉਨ੍ਹਾਂ ਨੂੰ ਫ਼ੌਜ ਵਿੱਚ ਹਾਜ਼ਰ ਹੋਣ ਵਾਸਤੇ ਢੂੰਡ-ਭਾਲ ਕਰ ਰਹੇ ਹਨ। ਸੰਤਾਂ ਨੇ ਇਹ ਇਰਾਦਾ ਕੀਤਾ ਕਿ ਹੁਣ ਫ਼ੌਜ ਵਿੱਚ ਹਾਜ਼ਰ ਹੋ ਕੇ ਨਾਮ ਕਟਵਾ ਲੈਣਾ ਹੈ ਅਤੇ ਪ੍ਰਭੂ ਦੇ ਸਿਮਰਨ ਵਿੱਚ ਪੂਰਾ ਜੀਵਨ ਲਾ ਦੇਣਾ ਹੈ। ਸੰਤ ਜੀ ਫ਼ੌਜ ਵਿੱਚ ਕਰਨਲ ਗੈਸਲੀ ਦੀ ਕੋਠੀ ਦੇ ਸਾਮ੍ਹਣੇ ਸਾਧ-ਬਿਰਤੀ ਵਿੱਚ ਤੇੜ ਕਛਹਿਰਾ ਅਤੇ ਸਿਰ 'ਤੇ ਦਸਤਾਰ ਨਾਲ ਹੀ ਹਾਜ਼ਰ ਹੋਏ। ਪਹਿਰੇਦਾਰ ਫ਼ੌਜੀਆਂ ਨੇ ਉਨ੍ਹਾਂ ਨੂੰ ਪਛਾਣ ਕੇ ਬੇਨਤੀ ਕੀਤੀ ਕਿ ਕਰਨਲ ਗੈਸਲੀ ਕੋਲ ਹਾਜ਼ਰ ਨਾ ਹੋਵੋ ਕਿਉਂਕਿ ਉਹ ਤੁਹਾਡਾ ਬੜਾ ਸਤਿਕਾਰ ਕਰਦਾ ਹੈ ਤੇ ਬਹੁਤ ਵਾਰੀ ਉਸ ਨੇ ਕਿਹਾ, "ਅਟਰ ਸਿੰਘ ਕੋ ਢੂੰਢ ਕਰ ਲਾਓ। ਵੋਹ ਹਮਾਰਾ ਬਹੁਤ ਅੱਛਾ ਸਿਪਾਹੀ ਥਾ ਔਰ ਚਾਂਦਮਾਰੀ ਮੇਂ ਬਰਗੇਡ ਮੇਂ ਅੱਵਲ ਨੰਬਰ ਪਰ ਆਇਆ ਥਾ। ਹਮ ਉਸ ਕੋ ਫ਼ੌਜ ਮੇਂ ਬੜਾ ਅਫ਼ਸਰ ਬਨਾਏਂਗੇ।" ਇਸ ਲਈ ਉਸ ਨੇ ਆਪ ਦਾ ਨਾਮ ਨਹੀਂ ਕਟਣਾ। ਆਪ ਇਸ ਤਰ੍ਹਾਂ ਹੀ ਵਾਪਸ ਚਲੇ ਜਾਓ ਅਤੇ ਕੁਛ ਸਮੇਂ ਤੋਂ ਬਾਅਦ ਹਾਜ਼ਰ ਨਾ ਹੋਣ 'ਤੇ ਤੁਹਾਡਾ ਨਾਮ ਆਪਣੇ ਆਪ ਕੱਟਿਆ ਜਾਵੇਗਾ। ਸੰਤ ਜੀ ਨੇ ਕਿਹਾ ਕਿ ਮੈਂ ਆਪਣਾ ਅਸੂਲ ਪੂਰਾ ਕਰਕੇ ਹੀ ਨਾਮ ਕਟਵਾਵਾਂਗਾ। ਕਰਨਲ ਗੈਸਲੀ ਆਇਆ ਤੇ ਉਸ ਨੇ ਸੰਤਾਂ ਨੂੰ ਕਿਹਾ, "ਕਿਸ ਨੇ ਹਮਾਰੇ ਬਹਾਦੁਰ ਸਿਪਾਹੀ ਕੋ ਬਿਗਾੜ ਦੀਆ ਹੈ, ਜਿਸ ਨੇ ਫ਼ੌਜ ਕੀ ਵਰਦੀ ਉਤਾਰ ਕਰ ਯਹ ਫ਼ਕੀਰੀ ਕੀ ਵਰਦੀ ਪਹਿਨ ਲੀ ਹੈ।" ਸੰਤਾਂ ਨੇ ਮੁਸਕਰਾ ਕੇ ਕਿਹਾ, "ਅਬ ਮੈਂ ਖ਼ੁਦਾ ਕਾ ਨੌਕਰ ਹੋ ਗਿਆ ਹੂੰ ਔਰ ਮੈਂਨੇ ਉਸ ਕੀ ਵਰਦੀ ਪਹਿਨ ਲੀ ਹੈ। ਅਬ ਮੈਂਨੇ ਫ਼ੌਜ ਮੇਂ ਨੌਕਰੀ ਨਹੀਂ ਕਰਨੀ।" ਕਰਨਲ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ ਵਿੱਚ ਬਹੁਤ ਵੱਡਾ ਸਰਦਾਰ ਬਣਾ ਦਿੱਤਾ ਜਾਏਗਾ ਪਰ ਸੰਤ ਜੀ ਦੇ ਇਨਕਾਰ ਕਰਨ 'ਤੇ ਕਰਨਲ ਨੇ ਸੰਤਾਂ ਨੂੰ ਕੁਆਟਰ ਗਾਰਡ (ਕੈਦ) ਵਿੱਚ ਭੇਜ ਦਿੱਤਾ ਕਿ ਸ਼ਾਇਦ ਸੰਤਾਂ ਦਾ ਮਨ ਬਦਲ ਜਾਏ। ਸੰਤ ਜੀ ਨੇ ਕੁਆਟਰ ਗਾਰਡ ਵਿੱਚ ਸਮਾਧੀ ਲਾ ਲਈ ਅਤੇ ਵਾਹਿਗੁਰੂ-ਨਾਮ ਵਿੱਚ ਲੀਨ ਹੋ ਗਏ।
#SantAttarSinghji #Sakhi
ਮਾਤਾ ਭੋਲੀ ਜੀ ਦੇ ਦਰਸ਼ਨ ਪਿੰਡ ਚੀਮੇਂ ਸੰਤ ਅਤਰ ਸਿੰਘ ਜੀ ਦੇ ਮਾਤਾ ਭੋਲੀ ਜੀ, ਸੰਤ ਪੁੱਤਰ ਦੇ ਦਰਸ਼ਨ ਲਈ ਹਰ ਵੇਲੇ ਬਹਿਬਲ ਰਹਿੰਦੇ। ਮਾਤਾ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਸੰਤ ਜੀ ਚੀਮੇਂ ਗਏ ਅਤੇ ਨਗਰ ਤੋਂ ਬਾਹਰ ਹੀ ਆਪਣੇ ਖੇਤਾਂ ਵਿੱਚ, ਪ੍ਰਭੂ-ਨਾਮ ਵਿੱਚ ਸਮਾਧੀ-ਸਥਿਤ ਹੋ ਗਏ। ਉਨ੍ਹਾਂ ਦੀ ਛੋਟੀ ਭੈਣ, ਜੋ ਉੱਥੇ ਡੰਗਰ ਚਾਰਦੀ ਸੀ, ਉਸ ਨੇ ਆਪਣੇ ਵੀਰ ਨੂੰ ਪਛਾਣ ਲਿਆ ਅਤੇ ਘਰ ਜਾ ਕੇ ਮਾਤਾ ਜੀ ਨੂੰ ਕਿਹਾ ਕਿ ਗੁਆਚਾ ਹੋਇਆ ਵੀਰ ਖੇਤਾਂ ਵਿੱਚ ਆਇਆ ਬੈਠਾ ਹੈ। ਮਾਤਾ ਜੀ ਸੰਤ ਪੁੱਤਰ ਦੇ ਪ੍ਰੇਮ ਵਿੱਚ ਬਹਿਬਲ ਹੋਏ ਜਲਦੀ-ਜਲਦੀ ਗਡਵੇ ਵਿੱਚ ਦੁੱਧ ਪਾ ਕੇ ਬੱਚੀ ਅਤੇ ਹੋਰ ਸੰਗਤ ਨੂੰ ਨਾਲ ਲੈ ਝੱਟ ਖੇਤਾਂ ਵਿੱਚ ਜਾ ਪਹੁੰਚੇ। ਸੰਤ ਜੀ, ਮਾਤਾ ਜੀ ਨੂੰ ਦੂਰੋਂ ਹੀ ਦੇਖ ਕੇ ਹੱਥ ਜੋੜ ਖੜੇ ਹੋ ਗਏ ਅਤੇ ਮਾਤਾ ਜੀ ਦੇ ਚਰਨ ਸਪਰਸ਼ ਕੀਤੇ। ਮਾਤਾ ਜੀ ਨੇ ਬੜੇ ਵੈਰਾਗ ਵਿੱਚ ਪੁੱਤਰ ਨੂੰ ਗਲੇ ਲਾ ਕੇ ਕਿਹਾ, "ਧੰਨ ਭਾਗ! ਤੇਰਾ ਸੱਤ ਸਾਲਾਂ ਬਾਅਦ ਮਿਲਾਪ ਹੋਇਆ ਹੈ। ਮੈਂ ਵਡਭਾਗੀ ਹਾਂ ਕਿ ਤੂੰ ਪ੍ਰਭੂ-ਸਿਮਰਨ ਵਿੱਚ ਲੱਗਾ ਹੈਂ ਪਰ ਹੁਣ ਇੱਥੇ ਰਹਿ ਕੇ ਹੀ ਨਾਮ-ਬਾਣੀ ਜਪ।" ਸੰਤਾਂ ਨੇ ਬੜੇ ਸਤਿਕਾਰ ਨਾਲ ਕਿਹਾ "ਸਤਿਬਚਨ" ਪਰ ਨਾਲ ਹੀ ਬੇਨਤੀ ਕੀਤੀ ਕਿ ਸਾਡੀ ਇੱਕ ਸ਼ਰਤ ਹੈ ਕਿ ਤੁਸੀਂ ਸਾਨੂੰ ਵਿਆਹ ਵਾਸਤੇ ਨਹੀਂ ਕਹੋਗੇ। ਮਾਤਾ ਜੀ ਨੇ ਕਿਹਾ ਕਿ ਮੈਂ ਬਿਲਕੁਲ ਨਹੀਂ ਆਖਾਂਗੀ। ਆਪ ਹਰ ਵਕਤ ਨਾਮ-ਸਿਮਰਨ ਵਿੱਚ ਰੱਤੇ ਰਹਿੰਦੇ। ਮਾਤਾ ਜੀ ਰੋਜ਼ ਪ੍ਰਸ਼ਾਦਾ ਲਿਆਉਂਦੇ ਤਾਂ ਸੰਤ ਜੀ ਪਹਿਲੇ ਉਨ੍ਹਾਂ ਨੂੰ ਜਪੁ ਜੀ ਸਾਹਿਬ ਦੀ ਇੱਕ ਪੌੜੀ ਕੰਠ ਕਰਵਾਉਂਦੇ ਤੇ ਫਿਰ ਪ੍ਰਸ਼ਾਦਾ ਛਕਦੇ। ਇਸ ਤਰ੍ਹਾਂ ਜਦੋਂ ਮਾਤਾ ਜੀ ਨੂੰ ਜਪੁ ਜੀ ਸਾਹਿਬ ਕੰਠ ਹੋ ਗਿਆ ਤਾਂ ਅਕਾਲ ਪੁਰਖ ਨੇ ਸੰਤਾਂ ਤੋਂ ਹੋਰ ਸੇਵਾ ਲੈਣ ਵਾਸਤੇ ਇਹ ਖੇਡ ਵਰਤਾਈ ਕਿ ਇੱਕ ਦਿਨ ਮਾਤਾ ਜੀ ਪੁੱਤਰ ਭਾਵਨਾ ਦੇ ਮੋਹ ਵੱਸ ਹੋ ਕੇ ਕਹਿਣ ਲੱਗੇ, "ਪੁੱਤਰ! ਜ਼ਮੀਨ ਬਹੁਤ ਹੈ, ਕਿੰਨਾ ਚੰਗਾ ਹੋਵੇ ਜੇ ਤੂੰ ਵਿਆਹ ਕਰਵਾ ਲਵੇਂ ਅਤੇ ਘਰ ਦੇ ਕੰਮ-ਕਾਜ ਦੇ ਨਾਲ ਭਜਨ-ਬੰਦਗੀ ਵੀ ਕਰਦਾ ਰਹੀਂ।" ਇਹ ਸੁਣ ਕੇ ਸੰਤ ਜੀ ਖਿੜ-ਖਿੜਾ ਕੇ ਬੜੇ ਹੱਸੇ ਅਤੇ ਕਿਹਾ ਕਿ ਮਾਤਾ ਜੀ, ਤੁਸੀਂ ਆਪਣਾ ਬਚਨ ਹਾਰ ਗਏ ਹੋ। ਅਸੀਂ ਹੁਣ ਅਕਾਲ ਪੁਰਖ ਦੇ ਹੁਕਮ ਵਿੱਚ ਏਥੋਂ ਚਾਲੇ ਪਾਵਾਂਗੇ। ਦੂਸਰੇ ਦਿਨ ਚੁਪ-ਚੁਪੀਤੇ ਹੀ ਰਾਤ ਨੂੰ ਚੱਲ ਕੇ ਸੰਤ ਜੀ ਭਾਈ ਰਾਮ ਸਿੰਘ ਜੀ ਕੋਲ ਸਿਆਲਕੋਟ ਪਹੁੰਚ ਗਏ।
#SantAttarSinghji #Sakhi
ਸੰਤ ਰਾਮ ਸਿੰਘ ਜੀ ਥਮ੍ਹਾਲੀ ਵਾਲਿਆਂ ਦਾ ਮੇਲ ਰਿਸ਼ੀਕੇਸ਼ ਸੰਤ ਭਾਈ ਰਾਮ ਸਿੰਘ ਜੀ ਥਮ੍ਹਾਲੀ ਵਾਲੇ ਮਿਲੇ। ਸੰਤ ਅਤਰ ਸਿੰਘ ਜੀ ਨੇ ਉਨ੍ਹਾਂ ਨੂੰ ਕਿਸੇ ਸ਼ਾਂਤਮਈ ਇਕਾਂਤ ਥਾਂ 'ਤੇ ਸਿਮਰਨ-ਅਭਿਆਸ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਭਾਈ ਰਾਮ ਸਿੰਘ ਜੀ ਨੇ ਸਿਆਲਕੋਟ ਅਤੇ ਰਾਵਲ ਪਿੰਡੀ ਦੇ ਇਲਾਕਿਆਂ ਵਿੱਚ ਕੁਝ ਸਥਾਨ ਵੇਖਣ ਲਈ ਕਿਹਾ। ਸੰਤ ਜੀ ਰਿਸ਼ੀਕੇਸ਼ ਤੋਂ ਪੈਦਲ ਦੇਹਰਾਦੂਨ, ਪਾਉਂਟਾ ਸਾਹਿਬ, ਬੜੂ ਸਾਹਿਬ ਹੁੰਦੇ ਹੋਏ ਅਨੰਦਪੁਰ ਸਾਹਿਬ ਪੁੱਜੇ ਅਤੇ ਦਸ਼ਮੇਸ਼ ਪਿਤਾ ਜੀ ਦੇ ਗੁਰਦੁਆਰਿਆਂ ਦੀ ਯਾਤਰਾ ਕੀਤੀ। ਫਿਰ ਸਿਆਲਕੋਟ ਹੁੰਦੇ ਹੋਏ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਅਟੱਲ ਸਾਹਿਬ ਪਹੁੰਚੇ। ਸੰਤ ਜੀ ਇਥੇ ਤਿੰਨ ਦਿਨ ਪ੍ਰਭੂ ਦੇ ਨਾਮ-ਰੰਗ ਵਿੱਚ ਲੀਨ ਰਹੇ ਅਤੇ ਕਿਸੇ ਨੇ ਪ੍ਰਸ਼ਾਦਾ ਪਾਣੀ ਨਹੀਂ ਪੁਛਿਆ। ਚੌਥੇ ਦਿਨ ਇਹ ਸੰਕਲਪ ਆਉਣ 'ਤੇ "ਹੇ ਬਾਬਾ ਅਟੱਲ, ਪੱਕੀਆਂ-ਪਕਾਈਆਂ ਘੱਲ", ਤਾਂ ਤੁਰੰਤ ਹੀ ਕੁਝ ਮਿੰਟਾਂ ਅੰਦਰ ਇੱਕ ਪ੍ਰੇਮੀ ਨੇ ਆ ਕੇ ਸੰਤ ਜੀ ਦੇ ਸਾਮ੍ਹਣੇ ਪ੍ਰਸ਼ਾਦਾ ਰਖ ਦਿੱਤਾ। ਸੰਤ ਜੀ ਦੇ ਮੁਖ ਤੋਂ ਸਹਿਜੇ ਹੀ ਨਿਕਲਿਆ, "ਧੰਨ ਸਤਿਗੁਰੂ, ਧੰਨ ਤੇਰੀ ਮਾਣ-ਨਿਮਾਣੀ ਰਜ਼ਾ ਭਰੀ ਖੇਡ।" ਪ੍ਰੇਮੀ ਦੇ ਬੇਨਤੀ ਕਰਨ 'ਤੇ ਸੰਤ ਜੀ ਨੇ ਹੱਥ 'ਤੇ ਪ੍ਰਸ਼ਾਦਾ ਲੈ ਕੇ ਛਕਿਆ। ਇਥੋਂ ਸੰਤ ਜੀ ਆਪਣੇ ਪਿੰਡ ਚੀਮੇਂ ਆਏ।
#SantAttarSinghji #Sakhi
ਵਾਹਿਗੁਰੂ ਨਾਮ ਜਪਾਉਣ ਲਈ ਅਕਾਸ਼ਬਾਣੀ ਹਜ਼ੂਰ ਸਾਹਿਬ ਵੈਰਾਗ ਵਿੱਚ ਇਹ ਖ਼ਿਆਲ ਕਰਕੇ ਕਿ ਇਸ ਸਰੀਰ (ਖੱਲੜੇ) ਨੂੰ ਕੀ ਰੱਖਣਾ ਹੈ, ਇਹ ਜੀਵ-ਜੰਤੂਆਂ ਦਾ ਭੋਜਨ ਬਣ ਕੇ ਸਫਲਾ ਹੋ ਜਾਏ, ਸੰਤ ਜੀ ਨੇ ਗੋਦਾਵਰੀ ਦਰਿਆ ਵਿੱਚ ਛਾਲ ਮਾਰ ਦਿੱਤੀ, ਪਰ ਕਿਸੇ ਇਲਾਹੀ ਤਾਕਤ ਨੇ ਦਰਿਆ 'ਚੋਂ ਕੱਢ ਕੇ ਅਕਾਸ਼ਬਾਣੀ ਕੀਤੀ, "ਗੁਰਮੁਖਾ! ਤੂੰ ਤਾਂ ਦੁਨੀਆਂ ਵਿੱਚ ਵਾਹਿਗੁਰੂ ਨਾਮ ਜਪਾਉਣ ਵਾਸਤੇ ਆਇਆ ਹੈਂ।" ਇਸੇ ਤਰ੍ਹਾਂ ਇੱਕ ਰਾਤ ਸੰਤ ਜੀ ਰਿਸ਼ੀਕੇਸ਼, ਘੋਰ ਜੰਗਲ ਵਿੱਚ ਇੱਕ ਚਸ਼ਮੇ ਪਾਸ, ਜਿੱਥੇ ਰਾਤ ਨੂੰ ਸ਼ੇਰ ਆ ਕੇ ਪਾਣੀ ਪੀਂਦੇ ਸਨ, ਨਾਮ-ਰਸ ਵਿੱਚ ਮਗਨ ਹੋ ਗਏ ਅਤੇ ਮਨ ਵਿੱਚ ਵਿਚਾਰ ਆਈ ਕਿ ਇਹ ਸਰੀਰ ਤਾਂ ਰਹਿਣਾ ਨਹੀਂ, ਇਸ ਲਈ ਜੰਗਲੀ ਜਾਨਵਰਾਂ ਨੂੰ ਇਸ ਦਾ ਪ੍ਰਸ਼ਾਦਿ ਛਕਾ ਕੇ ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਕਰੀਏ। ਕਈ ਸ਼ੇਰ ਪਾਣੀ ਪੀਣ ਆਏ, ਪਰ ਸੰਤ ਜੀ ਦੇ ਸਰੀਰ ਨੂੰ ਸੁੰਘ ਕੇ ਵਾਹਿਗੁਰੂ ਦਾ ਨਾਮ-ਰਸ ਮਾਣ ਕੇ ਚਲੇ ਗਏ। ਅੰਮ੍ਰਿਤ ਵੇਲੇ ਕਰਤਾਰ ਦੀ ਰਜ਼ਾ ਮੰਨ ਕੇ ਵਿਚਾਰ ਕੀਤਾ ਕਿ ਹੁਕਮੀ ਦਾ ਹੁਕਮ ਇਸ ਸਰੀਰ ਕੋਲੋਂ ਆਪ ਦੀ ਸੇਵਾ ਲੈਣ ਦਾ ਹੈ, ਤੇਰਾ ਕੰਮ ਹੁਕਮ ਮੰਨ ਕੇ ਸਤਿਗੁਰੂ ਜੀ ਦੀ ਰਜ਼ਾ ਵਿੱਚ ਹਾਜ਼ਰ ਰਹਿਣ ਦਾ ਹੈ।
#SantAttarSinghji #Sakhi
ਅਤੁੱਟ ਸਿਮਰਨ (ਹਰਦੁਆਰ ਅਤੇ ਰਿਸ਼ੀਕੇਸ਼) ਦੋ ਸਾਲ ਹਜ਼ੂਰ ਸਾਹਿਬ ਜਪ-ਤਪ ਕਰਨ ਉਪਰੰਤ ਸੰਤ ਅਤਰ ਸਿੰਘ ਜੀ ਮਹਾਰਾਜ ਇੱਕ ਪ੍ਰੇਮੀ ਦੇ ਨਾਲ ਮੱਧ-ਪ੍ਰਦੇਸ਼ ਦੇ ਘਣੇ ਜੰਗਲਾਂ ਵਿੱਚੋਂ ਪੈਦਲ ਹੀ ਰਿਸ਼ੀਕੇਸ਼ ਜਾ ਰਹੇ ਸਨ। ਸਾਮ੍ਹਣੇ ਤੋਂ ਇੱਕ ਬੱਬਰ ਸ਼ੇਰ ਆ ਕੇ ਸੰਤਾਂ ਦੇ ਦਰਸ਼ਨ ਕਰਨ ਲੱਗ ਪਿਆ। ਨਾਲ ਦਾ ਪ੍ਰੇਮੀ ਐਨਾ ਡਰ ਗਿਆ ਕਿ ਸ਼ੇਰ ਨੇ ਸਾਨੂੰ ਖਾ ਲੈਣਾ ਹੈ, ਪਰ ਸੰਤ ਜੀ ਅਡੋਲ ਖੜ੍ਹੇ ਸਿਮਰਨ ਕਰਦੇ ਰਹੇ। ਸ਼ੇਰ, ਬਿੱਲੀ ਦੀ ਨਿਆਈਂ ਪੂਛ ਹਿਲਾਉਂਦਾ ਜੰਗਲ ਵੱਲ ਚਲਾ ਗਿਆ। ਸੰਤ ਜੀ ਮਹਾਰਾਜ ਨੇ ਨਾਲ ਦੇ ਪ੍ਰੇਮੀ ਨੂੰ ਕਿਹਾ ਕਿ ਸਰਬ-ਵਿਆਪੀ, ਸ਼ੇਰ ਦੇ ਰੂਪ ਵਿੱਚ ਦਰਸ਼ਨ ਦੇਣ ਆਇਆ ਸੀ। ਆਪਣਾ ਪ੍ਰੇਮ ਪੂਰਾ ਕਰ ਕੇ ਚਲਾ ਗਿਆ। ਸਾਨੂੰ ਐਸੇ ਖੂੰਖਾਰ ਜਾਨਵਰਾਂ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਉਨ੍ਹਾਂ ਵਿੱਚ ਵੀ ਅਕਾਲ ਪੁਰਖ ਦੀ ਜੋਤ ਵੱਸਦੀ ਹੈ। ਰਿਸ਼ੀਕੇਸ਼ ਵਿਖੇ ਸੰਤ ਜੀ ਮਹਾਰਾਜ ਨੇ ਇੱਕ ਸਾਲ ਅਤੁੱਟ ਨਾਮ-ਅਭਿਆਸ ਕੀਤਾ। ਅੰਮ੍ਰਿਤ ਵੇਲੇ ਗੰਗਾ ਵਿੱਚ ਚੁੱਭੀ ਲਾ ਕੇ ਛੇਤੀ ਹੀ ਆਸਨ 'ਤੇ ਆ ਜਾਂਦੇ ਅਤੇ ਦੁਪਹਿਰ ਤਕ ਇੱਕ-ਰਸ, ਨਾਮ-ਬਾਣੀ ਵਿੱਚ ਮਸਤ ਰਹਿੰਦੇ। ਛੇਤ੍ਰ (ਲੰਗਰ) ਵਰਤਣ ਸਮੇਂ ਚੁੱਪ ਕਰਕੇ ਭੰਡਾਰੀ ਅੱਗੇ ਹੱਥ ਕਰ ਦਿੰਦੇ, ਮੂੰਹੋਂ ਨਾ ਬੋਲਦੇ। ਜੇ ਕੋਈ ਪ੍ਰਸ਼ਾਦਾ ਹੱਥ 'ਤੇ ਰੱਖ ਦਿੰਦਾ ਤਾਂ ਛਕ ਲੈਂਦੇ, ਨਹੀਂ ਤਾਂ ਗੰਗਾ-ਜਲ ਛਕ, ਫਿਰ ਅਭਿਆਸ ਵਿੱਚ ਜੁੱਟ ਜਾਂਦੇ। ਰਾਤ ਭੀ ਅਭਿਆਸ ਵਿੱਚ ਗੁਜ਼ਰਦੀ। ਜਦੋਂ ਨੀਂਦ ਜ਼ੋਰ ਪਾਉਂਦੀ ਤਾਂ ਬੈਠੇ-ਬੈਠੇ ਹੀ ਬਿਰਾਜ ਲੈਂਦੇ।
#SantAttarSinghji #Sakhi
ਦਮੜੀ, ਚਮੜੀ ਦਾ ਪ੍ਰਭੂ ਸਿਮਰਨ ਵਿੱਚ ਵਿਘਨ ਹਜ਼ੂਰ ਸਾਹਿਬ ਦੀ ਯਾਤਰਾ ਸਮੇਂ ਕਿਸੇ ਪ੍ਰੇਮੀ ਨੇ ਕੁਝ ਮਾਇਆ, ਕੱਪੜੇ ਵਿੱਚ ਲਪੇਟ ਕੇ ਸੰਤ ਜੀ ਮਹਾਰਾਜ ਦੇ ਲੱਕ ਨੂੰ ਬੰਨ੍ਹ ਦਿੱਤੀ। ਇਸ ਨੂੰ ਸੰਤ ਜੀ ਮਹਾਰਾਜ ਨੇ ਇੱਕ ਝਾੜੀ ਪਾਸ ਟੋਏ ਵਿੱਚ ਦੱਬ ਦਿੱਤਾ। ਬੰਦਗੀ ਕਰਦਿਆਂ-ਕਰਦਿਆਂ, ਕਈ ਵਾਰ ਧਿਆਨ ਟੋਏ ਵਿੱਚ ਦੱਬੀ ਮਾਇਆ ਵੱਲ ਚਲਾ ਜਾਂਦਾ। ਇੱਕ ਦਿਨ ਅਭਿਆਸ ਵਿੱਚ ਇਹ ਧਿਆਨ ਆਇਆ ਤਾਂ ਸੰਤ ਜੀ ਮਹਾਰਾਜ ਨੇ ਮਨ ਵਿੱਚ ਠਾਣ ਲਿਆ ਕਿ ਅੱਜ ਇਸ ਪ੍ਰੇਮਣ (ਮਾਇਆ) ਦਾ ਜੂੜ ਵੱਢ ਹੀ ਦੇਣਾ ਹੈ। ਸਿਮਰਨ ਉਪਰੰਤ ਟੋਏ ਪਾਸ ਜਾ ਕੇ ਉਹ ਗੰਢ ਕੱਢ ਲਿਆਂਦੀ ਅਤੇ ਗੋਦਾਵਰੀ ਦਰਿਆ ਵਿੱਚ ਸਾਰੀ ਮਾਇਆ ਦਾ ਛੱਟਾ ਦੇ ਦਿੱਤਾ। ਫਿਰ ਕਦੀ ਇਸ ਮਾਇਆ ਦਾ ਧਿਆਨ ਨਹੀਂ ਆਇਆ। ਇਸ ਗੱਲ ਰਾਹੀਂ ਸੰਤ ਜੀ ਮਹਾਰਾਜ ਨੇ ਦਰਸਾਇਆ ਕਿ ਬੰਦਗੀ ਦੀ ਸਫ਼ਲਤਾ ਵਿੱਚ ਦਮੜੀ (ਮਾਇਆ) ਅਤੇ ਚਮੜੀ (ਸਰੀਰਕ-ਸੁੰਦਰਤਾ), ਦੋ ਵੱਡੇ ਵਿਘਨ ਹੁੰਦੇ ਹਨ: ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥ (੪੭੬) ਇਸ ਸਮੇਂ ਸੰਤ ਜੀ ਪਾਸ ਤੇੜ ਪਹਿਨਿਆ ਕੇਵਲ ਇੱਕ ਕਛਹਿਰਾ (ਇਸ਼ਨਾਨ ਕਰਨ ਨਾਲ ਇਹ ਗਿੱਲਾ ਹੋਇਆ ਕਛਹਿਰਾ ਜਿਸਮ ਦੀ ਗਰਮੀ ਨਾਲ ਹੀ ਸੁੱਕ ਜਾਂਦਾ) ਅਤੇ ਛੋਟਾ ਭੂਰੀ ਦਾ ਦਸਤਾਰਾ ਹੁੰਦਾ।
#SantAttarSinghji #Sakhi
ਗੁਰਮੁੱਖ ਪਿਆਰੇ ਨੂੰ ਪ੍ਰਸ਼ਾਦਾ ਛਕਾਓ ਹਜ਼ੂਰ ਸਾਹਿਬ ਵਿਖੇ ਇੱਕ ਵਾਰ ਸੰਤ ਜੀ ਨਗੀਨਾ ਘਾਟ ਤੋਂ ਤਕਰੀਬਨ ਪੰਜ ਕਿਲੋਮੀਟਰ ਦੇ ਫ਼ਾਸਲੇ 'ਤੇ ਗੋਦਾਵਰੀ ਦਰਿਆ ਦੇ ਗਲ-ਗਲ ਡੂੰਘੇ ਪਾਣੀ ਵਿੱਚ ਖੜ੍ਹੇ ਹੋ ਕੇ ਪ੍ਰਭੂ ਦੇ ਸਿਮਰਨ ਵਿੱਚ ਅੱਠ ਦਿਨ ਲੀਨ ਹੋਏ ਰਹੇ। ਵੱਡੇ ਪੁਜਾਰੀ ਭਾਈ ਨਾਨੂੰ ਸਿੰਘ ਜੀ ਨੂੰ ਸੁਪਨੇ ਵਿੱਚ ਕਰਤਾਰ ਦਾ ਹੁਕਮ ਹੋਇਆ ਕਿ ਗੁਰਮੁਖ ਪਿਆਰੇ ਨੂੰ ਜਾ ਕੇ ਪ੍ਰਸ਼ਾਦਾ ਛਕਾਓ। ਪੁਜਾਰੀ ਜੀ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਲੈ, ਗੋਦਾਵਰੀ ਦੇ ਕੰਢੇ-ਕੰਢੇ ਤੁਰ ਪਏ ਪਰ ਕਿਸੇ ਪ੍ਰੇਮੀ ਦੇ ਦਰਸ਼ਨ ਨਾ ਹੋਣ 'ਤੇ ਨਿਰਾਸ਼ ਹੀ ਵਾਪਸ ਆ ਗਏ। ਅਗਲੇ ਦਿਨ ਫਿਰ ਸੁਪਨੇ ਵਿੱਚ ਇਲਾਹੀ ਤਾਕਤ ਦੀ ਤਾੜਨਾ ਹੋਈ, "ਪਿਆਰੇ ਨੂੰ ਪ੍ਰਸ਼ਾਦਾ ਛਕਾਓ।" ਭਾਈ ਨਾਨੂੰ ਸਿੰਘ ਜੀ ਨੇ ਉਸੇ ਦਸ਼ਾ ਵਿੱਚ ਬੇਨਤੀ ਕੀਤੀ, "ਹਜ਼ੂਰ! ਕੁਝ ਸੁਹ-ਪਤਾ ਨਹੀਂ ਲੱਗਦਾ।" ਹੁਕਮ ਹੋਇਆ, "ਗੋਦਾਵਰੀ ਦੇ ਕੰਢੇ-ਕੰਢੇ ਹੋਰ ਅੱਗੇ ਜਾਓ, ਪਿਆਰਾ ਨਜ਼ਰੀਂ ਪੈ ਜਾਵੇਗਾ।" ਅਗਲੇ ਦਿਨ ਪੁਜਾਰੀ ਜੀ ਨੇ ਸੰਤ ਜੀ ਨੂੰ ਲੱਭ ਕੇ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ। ਸੰਤ ਜੀ ਮਹਾਰਾਜ ਦੇ ਪ੍ਰਸ਼ਾਦਾ ਛਕਣ ਤੋਂ ਨਾਂਹ ਕਰਨ 'ਤੇ ਭਾਈ ਨਾਨੂੰ ਜੀ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਪ੍ਰਸ਼ਾਦਾ ਨਾ ਛਕਿਆ ਤਾਂ ਮੈਨੂੰ ਰਾਤ ਨੂੰ ਇਲਾਹੀ ਤਾਕਤਾਂ ਸੌਣ ਨਹੀਂ ਦੇਣਗੀਆਂ। ਸੰਤਾਂ ਨੇ ਉਸ ਤੋਂ ਇਹ ਬਚਨ ਲੈ ਕੇ ਕਿ ਇਹ ਵਾਰਤਾ ਕਿਸੇ ਨੂੰ ਨਹੀਂ ਦੱਸਣਗੇ, ਹੱਥ 'ਤੇ ਪ੍ਰਸ਼ਾਦਾ ਲੈ ਕੇ ਛਕ ਲਿਆ ਅਤੇ ਫਿਰ ਨਾਮ-ਸਿਮਰਨ ਵਿੱਚ ਜੁੱਟ ਗਏ।
#SantAttarSinghji #Sakhi
ਹਜ਼ੂਰ ਸਾਹਿਬ ਯਾਤਰਾ ਅਤੇ ਸਿਮਰਨ ੧੮੮੭ ਵਿੱਚ ਆਪ ਨੇ ਫ਼ੌਜ ਤੋਂ ਰਿਜ਼ਰਵ ਅਥਵਾ ਆਰਜ਼ੀ ਤੌਰ 'ਤੇ ਛੁੱਟੀ ਲੈ ਲਈ ਅਤੇ ਘਰ ਦੀ ਬਜਾਏ ਸਿੱਧੇ ਡੇਰਾ ਗਾਜ਼ੀ ਖਾਂ (ਪਾਕਿਸਤਾਨ) ਤੋਂ ਸੈਂਕੜੇ ਮੀਲਾਂ ਦਾ ਪੈਦਲ ਸਫ਼ਰ ਕਰਕੇ ਹਜ਼ੂਰ ਸਾਹਿਬ ਪਹੁੰਚੇ। ਖੱਬਾ ਪੈਰ ਚੁੱਕਦੇ 'ਵਾਹਿ' ਆਖਦੇ ਅਤੇ ਸੱਜਾ ਪੈਰ ਚੁੱਕਦੇ ਤਾਂ 'ਗੁਰੂ' ਆਖਦੇ, ਜੋ ਉਨ੍ਹਾਂ ਦਾ ਨਾਮ-ਸਿਮਰਨ ਬਣ ਗਿਆ ਸੀ। ਇਸ ਤਰ੍ਹਾਂ ਸ਼ਬਦ-ਸੁਰਤ ਦੀ ਤਾਰ ਵਿੱਚ ਸੌ-ਸੌ ਕੋਹ (ਤਕਰੀਬਨ ੨੦੦ ਕਿਲੋਮੀਟਰ) ਤੋਂ ਵੱਧ ਰਾਤ-ਦਿਨ ਵਿੱਚ ਸਫ਼ਰ ਕਰ ਲੈਂਦੇ। ਇਹ ਸ਼ਬਦ ਦੀ ਇਲਾਹੀ ਤਾਕਤ ਦਾ ਹੀ ਰੰਗ ਹੈ। ਹਜ਼ੂਰ ਸਾਹਿਬ ਤਕਰੀਬਨ ਦੋ ਸਾਲ ਪੰਜਾਂ ਬਾਣੀਆਂ ਦੇ ਨਿੱਤਨੇਮ ਤੋਂ ਇਲਾਵਾ ਗੁਰ-ਮੰਤਰ, ਜਪੁਜੀ ਸਾਹਿਬ, ਸੁਖਮਨੀ ਸਾਹਿਬ, ਮੂਲ-ਮੰਤਰ ਅਤੇ ਜਾਪ ਸਾਹਿਬ ਵਿੱਚੋਂ ਚਾਚਰੀ ਛੰਦ॥ ਤ੍ਵ ਪ੍ਰਸਾਦਿ॥ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ॥ ਹਰੀਅੰ ਕਰੀਅੰ ਨ੍ਰਿਨਾਮੇ ਅਕਾਮੇ॥ ਅਤੇ ਗਉੜੀ ਮਹਲਾ ੫॥ ਥਿਰੁ ਘਰਿ ਬੈਸਹੁ ਹਰਿਜਨ ਪਿਆਰੇ (ਪੂਰਾ ਸ਼ਬਦ) ਗੁਰਬਾਣੀ ਸ਼ਬਦਾਂ ਅਤੇ ਨਾਮ-ਸਿਮਰਨ ਦੀ ਅਤੁੱਟ ਅਰਾਧਨਾ ਕੀਤੀ। ਸੇਵਕਾਂ ਪਾਸੋਂ ਇੱਕ ਮੋਟਾ ਪ੍ਰਸ਼ਾਦਾ, ਜਿਸ ਉੱਤੇ ਦਾਲ-ਸਬਜ਼ੀ ਰੱਖੀ ਹੁੰਦੀ, ਹੱਥ 'ਤੇ ਲੈ ਕੇ ਛਕ ਲੈਂਦੇ। ਸਾਰੀ-ਸਾਰੀ ਰਾਤ ਸਿਮਰਨ-ਅਭਿਆਸ ਕਰਦੇ, ਦਰਬਾਰ ਸਾਹਿਬ ਵਿੱਚ ਝਾੜੂ ਲਗਾਉਣ ਅਤੇ ਇਸ਼ਨਾਨ ਵਾਸਤੇ ਜਲ ਦੀ ਸੇਵਾ ਕਰਦੇ।
#SantAttarSinghji #Sakhi
ਫ਼ੌਜ ਵਿੱਚ ਭਰਤੀ ਹੋਣਾ ਸੰਤ ਅਤਰ ਸਿੰਘ ਜੀ ਦੇ ਮਾਤਾ ਜੀ, ਸੰਤ ਜੀ ਨੂੰ ਫ਼ੌਜ ਵਿੱਚ ਭਰਤੀ ਹੋਣ ਵਾਸਤੇ ਆਗਿਆ ਨਹੀਂ ਸਨ ਦਿੰਦੇ, ਕਿਉਂਕਿ ਵੱਡਾ ਪੁੱਤਰ ਹੋਣ ਕਰਕੇ ਉਨ੍ਹਾਂ ਨੂੰ ਘਰ ਦਾ ਕੰਮ-ਕਾਜ ਬਹੁਤ ਸੀ। ਸੰਤ ਜੀ ਨੇ ਆਪਣੀ ਮਾਤਾ ਜੀ ਨੂੰ ਕਿਹਾ, "ਮਾਤਾ ਜੀ! ਅਸੀਂ ਬਹੁਤ ਵੱਡਾ ਅਹੁਦਾ (ਪਦਵੀ) ਪਾਉਣਾ ਹੈ। ਇਸ ਲਾਲਚ ਵਿੱਚ ਆ ਕੇ ਮਾਤਾ ਜੀ ਨੇ ਸੰਤਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਆਗਿਆ ਦੇ ਦਿੱਤੀ। ੧੮੮੩ ਵਿੱਚ ਕਰਤਾਰ ਦੇ ਅਗੰਮੀ ਹੁਕਮ ਵਿੱਚ, ਫ਼ੌਜ ਵਿੱਚ ਭਰਤੀ ਹੋ ਕੋਹਾਟ (ਪਾਕਿਸਤਾਨ) ੫੪ ਪਲਟਨ ਵਿੱਚ ਚਲੇ ਗਏ। ਪਲਟਨ ਵਿੱਚ ਜਦੋਂ ਮਾਰਚ ਕਰਦੇ ਤਾਂ 'ਲੈਫਟ-ਰਾਈਟ' ਦੀ ਥਾਂ 'ਤੇ ਆਪਣੇ ਮਨ ਵਿੱਚ ਖੱਬਾ ਪੈਰ ਚੁੱਕਦੇ 'ਵਾਹਿ' ਆਖਦੇ ਅਤੇ ਸੱਜਾ ਪੈਰ ਚੁੱਕਦੇ ਤਾਂ 'ਗੁਰੂ' ਆਖਦੇ। ਇਸੇ ਸਿਮਰਨ ਦੀ ਸ਼ਕਤੀ ਨਾਲ ਆਪ ਜੀ ਨੇ ਸਾਰੇ ਬ੍ਰਿਗੇਡ ਵਿੱਚ ਚਾਂਦਮਾਰੀ ਵਿੱਚੋਂ ਪਹਿਲੇ ਨੰਬਰ 'ਤੇ ਆ ਕੇ ਇਨਾਮ ਜਿੱਤਿਆ। ਘਰੋਂ ਮੰਗਣੀ ਬਾਰੇ ਚਿੱਠੀ ਆਉਣ 'ਤੇ ਵਾਪਸੀ ਡਾਕ ਉੱਤਰ ਦਿੱਤਾ ਕਿ ਸਾਨੂੰ ਅਕਾਲ ਪੁਰਖ ਦਾ ਹੁਕਮ ਵਿਆਹ ਕਰਾਉਣ ਦਾ ਨਹੀਂ। ਪਲਟਨ ਦੇ ਗੁਰਦੁਆਰੇ ਗ੍ਰੰਥੀ ਬਾਬਾ ਜੋਧ ਸਿੰਘ ਜੀ ਰਾਹੀਂ ਪੰਜਾਂ ਪਿਆਰਿਆਂ ਪਾਸੋਂ ਸੰਤ ਜੀ ਨੇ ਅੰਮ੍ਰਿਤ ਛਕਿਆ। ਫ਼ੌਜ ਦੀ ਡਿਊਟੀ ਦੇ ਨਾਲ-ਨਾਲ, ਗੁਰਦੁਆਰੇ ਵਿੱਚ ਬਾਬਾ ਜੋਧ ਸਿੰਘ ਜੀ ਗ੍ਰੰਥੀ ਦੀ ਅਤੁੱਟ ਸੇਵਾ ਅਤੇ ਨਾਮ-ਬਾਣੀ, ਸ਼ਬਦ-ਅਭਿਆਸ ਦੀ ਕਮਾਈ ਕੀਤੀ।
#SantAttarSinghJi #Sakhi
ਜਨ ਪਰਉਪਕਾਰੀ ਆਏ
ਜਨਮ: ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਵੀਹਵੀਂ ਸਦੀ ਦੇ ਉਹ ਮਹਾਨ ਮਹਾਂਪੁਰਸ਼ ਹੋਏ ਹਨ, ਜਿੰਨ੍ਹਾਂ ਦਾ ਜਿਕਰ ਸੌ ਸਾਖੀ ਵਿੱਚ 'ਅਤਰ ਸਿੰਘ ਸੂਰਾ' ਕਰਕੇ ਆਇਆ ਹੈ। ਆਪ ਦਾ ਜਨਮ ਪਿੰਡ ਚੀਮਾਂ, ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ ੧੮੬੬ ਵਿੱਚ ਮਾਤਾ ਭੋਲੀ ਜੀ ਅਤੇ ਪਿਤਾ ਕਰਮ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਬਚਪਨ: ਛੋਟੀ ਉਮਰ ਵਿੱਚ ਹੀ ਆਪ ਜੀ ਲੀਰਾਂ ਦੀ ਮਾਲਾ ਬਣਾ ਕੇ ਨਾਮ ਜਪਦੇ। ਆਪ ਜੀ ਕਹਿੰਦੇ, "ਅਸੀਂ ਹੋਰ ਕੋਈ ਪੜ੍ਹਾਈ ਨਹੀਂ ਪੜ੍ਹਨੀ, ਸੱਚ ਦੀ ਹੀ ਪੜ੍ਹਾਈ ਪੜ੍ਹਾਂਗੇ"। ਆਪ ਜੀ ਕਿਸੇ ਵੀ ਸਕੂਲ ਵਿੱਚ ਨਹੀਂ ਪੜ੍ਹੇ, ਕੇਵਲ ਪਿੰਡ ਦੇ ਨਿਰਮਲਿਆਂ ਦੇ ਡੇਰੇ ਵਿੱਚੋਂ ਭਾਈ ਬੂਟਾ ਸਿੰਘ ਜੀ ਪਾਸੋਂ ਗੁਰਮੁਖੀ ਸਿੱਖੀ। ਵੱਡੇ ਹੋ ਕੇ ਖੇਤੀਬਾੜੀ, ਘਰ ਦਾ ਕੰਮ-ਕਾਜ ਕਰਦੇ ਅਤੇ ਡੰਗਰ ਚਾਰਦੇ। ਡੰਗਰ ਚਾਰਦਿਆਂ ਆਪ ਜੀ ਕਦੇ ਡੰਗਰਾਂ ਨੂੰ ਡੰਡੇ ਨਾਲ ਨਾ ਮਾਰਦੇ, ਸਗੋਂ ਕੱਪੜੇ ਨਾਲ ਹੀ ਹਿੱਕਦੇ। ਆਪ ਜੀ ਸਭ ਨਾਲ ਪ੍ਰੇਮ ਕਰਦੇ ਅਤੇ ਨਾਮ-ਰੰਗ ਵਿੱਚ ਮਸਤ ਰਹਿੰਦੇ। ਇੱਕ ਵਾਰੀ ਇੱਕ ਸਾਧੂ ਨੇ ਬਾਲਕ ਸੰਤ, ਜੋ ਡੰਗਰ ਚਾਰਦਿਆਂ ਸੁੱਤਾ ਹੋਇਆ ਸੀ, ਦੇ ਚਰਨਾਂ ਦੀ ਪਦਮ-ਰੇਖਾ ਦੇਖ ਕੇ ਨਮਸਕਾਰ ਕੀਤੀ ਤੇ ਕਿਹਾ, "ਇਹ ਇੱਕ ਬੜਾ ਭਾਰੀ ਮਹਾਂਪੁਰਸ਼ ਹੋਵੇਗਾ, ਜਿਸ ਅੱਗੇ ਰਾਜੇ-ਮਹਾਰਾਜੇ ਵੀ ਨਿਵਣਗੇ।"
From the publisher's feed