#JeevanKatha #SantAttarSinghJi #MastuanaSahibWale #AudioBook #Bhoomika
ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ
ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥
ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ (੨੭੨)
ਸਾਧੂ ਦਾ ਜੀਵਨ ਲਿਖਣਾ ਏਨਾਂ ਹੀ ਕਠਨ ਹੈ ਜਿੰਨਾਂ ਕਿ ਸਮੁੰਦਰ ਨੂੰ ਕੁੱਜੀ ਵਿੱਚ ਬੰਦ ਕਰਨਾ। ਸਮੁੰਦਰ ਤਾਂ ਸ਼ਾਇਦ ਕਿਸੇ ਜੁਗਤ ਨਾਲ ਕੁੱਜੀ ਵਿੱਚ ਪੈ ਹੀ ਜਾਵੇ, ਪਰ ਸਾਧ, ਫ਼ਕੀਰ ਨੂੰ ਹੱਦ ਵਿੱ ਲਿਆਉਣਾ ਵੇਦਾਂ, ਕਤੇਬਾਂ ਦੋਹਾਂ ਦੀ ਤਾਕਤ ਤੋਂ ਬਾਹਰ ਹੈ। ਹਾਂ! ਜੀਵ ਮਾਤਰ ਦਾ ਹੱਕ ਹੈ ਕਿ ਰੱਬ ਅਤੇ ਰੱਬ ਦੇ ਬੰਦਿਆਂ ਦੇ ਚਰਨ ਕੰਵਲਾਂ ਤੇ ਸ਼ਰਧਾ ਦੇ ਫੁੱਲ ਚੜ੍ਹਾਵੇ।
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ (੧੩੫੦)
ਇਸ ਪੁਸਤਕ ਦੇ ਕਰਤਾ ਵਿੱਚ ਕੁਝ ਆਪਣਾ ਗੁਣ ਅਤੇ ਤਾਣ ਨਹੀਂ ਸੀ, ਜਿਸ ਕਰਕੇ ਉਹ ਇੱਕ ਪੂਰਨ ਮਹਾਂਪੁਰਸ਼ ਦੀ ਜੀਵਨ ਕਥਾ ਲਿਖਣ ਦਾ ਹੌਂਸਲਾ ਕਰ ਸਕਦਾ, ਪਰ ਸਾਧ ਸੰਗਤ ਵਿੱਚ ਇਸ ਦਾ ਨਾਮ ਸੰਤ ਜੀ ਮਹਾਰਾਜ ਦਾ ਇੱਕ ਨੀਚ ਕੀਟ ਪੈ ਚੁੱਕਾ ਸੀ, ਕਈ ਸੱਜਣਾਂ ਨੇ ਪ੍ਰੇਮ ਨਾਲ ਅਤੇ ਕਈਆਂ ਨੇ ਉਲਾਂਭੇ ਨਾਲ ਵੀ ਇਸ ਨੂੰ ਜਗਾਇਆ ਕਿ ਭਾਈ! ਤੇਰਾ ਵੀ ਧਰਮ ਹੈ ਕਿ ਤੂੰ ਸੰਤ ਜੀ ਮਹਾਰਾਜ ਦੇ ਚਰਨ ਕੰਵਲਾਂ ਉੱਪਰ ਆਪਣੀ ਸ਼ਰਧਾ ਦੇ ਫੁੱਲ ਚੜ੍ਹਾਵੇਂ। ਇਸ ਤਰ੍ਹਾਂ ਦੀ ਕਈ ਸਾਲਾਂ ਦੀ ਪ੍ਰੇਰਨਾ ਨੇ ਦਾਸ ਦੇ ਚਿੱਤ ਵਿੱਚ ਇਹ ਉਤਸ਼ਾਹ ਪੈਦਾ ਕਰ ਦਿੱਤਾ ਕਿ ਸਾਧ ਸੰਗਤ ਦਾ ਹੁਕਮ ਪਾਲਣ ਦਾ ਯਤਨ ਕੀਤਾ ਜਾਵੇ। ਸੋ, ੧੯ ਮਾਘ ਸੰਮਤ ੧੯੮੯ ਨੂੰ ਸੰਤ ਜੀ ਮਹਾਰਾਜ ਦੀ ਵੱਡੀ ਭੈਣ ਬੇਬੇ ਰਤਨ ਕੌਰ ਜੀ ਅਤੇ ਹੋਰ ਸੱਜਣਾਂ ਪਾਸੋਂ ਸੰਤ ਜੀ ਮਹਾਰਾਜ ਦੇ ਜੀਵਨ ਸੰਬੰਧੀ ਸਾਖੀਆਂ ਲਿਖਣੀਆਂ ਅਰੰਭ ਕਰ ਦਿੱਤੀਆਂ। ਜੇਠ ਸੰਮਤ ੧੯੯੧ ਬਿਕ੍ਰਮੀ ਤੀਕਰ ਸਾਖੀਆਂ ਦੀ ਲੜੀ ਕੁਝ ਕੁ ਜੁੜ ਗਈ। ਸੋ, ਦਾਸ ਨੇ ਪਾਉਂਟੇ ਸਾਹਿਬ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਇਸ ਜੀਵਨ ਕਥਾ ਦੇ ਲਿਖਣ ਦਾ ਅਰੰਭ ਕੀਤਾ।
ਟੁੱਟੇ-ਫੁੱਟੇ ਸਾਧਾਰਨ ਅੱਖਰਾਂ ਵਿੱਚ ਸੰਤ ਜੀ ਮਹਾਰਾਜ ਦੀ ਜੀਵਨ-ਕਥਾ ਸਾਧ ਸੰਗਤ ਦੀ ਭੇਟਾ ਹੈ। ਬੇਅੰਤ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ।
ਸਾਧ ਸੰਗਤ ਦਾ ਦਾਸਨ ਦਾਸ
ਤੇਜਾ ਸਿੰਘ
ਨਾਨਕਸਰ ਚੀਮਾਂ
ਜ਼ਿਲ੍ਹਾ ਸੰਗਰੂਰ (ਪੰਜਾਬ)
(ਜਨਮ ਨਗਰ ਸੰਤ ਅਤਰ ਸਿੰਘ ਜੀ ਮਹਾਰਾਜ)
© Copyright - The Kalgidhar Trust - Baru Sahib
Produced at - Eternal Voice Studios, Rajouri Garden, New Delhi
Book Reference:
Gurmukh Pyare - Sant Attar Singh Ji, Mastuana Sahib Wale
Written By - Sant Teja Singh ji, M.A., L.L.B. (Punjab), A.M. (Harvard)
Voice Over Artist - Mangat Ram, Himmat Singh (Student of Akal Gurmat Vidyala, Cheema Sahib)
Audio Recordist & Music Composition - J.S. Gurdas
Video Editing - Satnam Singh
Image Compilation - Manmeet Singh
You can also listen these Sakhis at the BaruNet Mobile app & all Music and Podcast platforms.