ਇਸ ਕਹਾਣੀ ਵਿੱਚ ਮੱਧ-ਵਰਗੀ ਮਾਨਸਿਕਤਾ ਨੂੰ ਉਘਾੜ ਕੇ ਪੇਸ਼ ਕੀਤਾ ਗਿਆ ਹੈ।ਮੱਧ-ਵਰਗੀ ਪਤੀ-ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਵੱਲੋਂ ਕੁਝ ਵੱਧ ਪੈਸੇ ਮੰਗਣ 'ਤੇ ਉਸ ਨਾਲ ਖਹਿਬੜਨਾ, ਰਿਕਸ਼ੇ ਵਾਲੇ ਵੱਲੋਂ ਉਹਨਾਂ ਦੇ ਦਿੱਤੇ ਪੈਸੇ ਵਗਾਹ ਮਾਰਨ ਉਪਰੰਤ ਉਸ ਦਾ ਕਾਫ਼ੀ ਸਮੇਂ ਤੱਕ ਬਾਹਰ ਖੜ੍ਹੇ ਰਹਿਣਾ, ਦੋਹਾਂ ਪਤੀ- ਪਤਨੀ ਨੂੰ ਪਰੇਸ਼ਾਨ ਤੇ ਬੇਚੈਨ ਕਰ ਦਿੰਦਾ ਹੈ। ਦੋਵੇਂ ਹੀ ਆਪਣੇ ਕੰਮ ਵਿੱਚ ਇਕਾਗਰ-ਚਿੱਤ ਨਹੀਂ ਹੋ ਸਕਦੇ, ਘੜੀ-ਮੁੜੀ ਬਾਹਰ ਝਾਕ ਕੇ ਉਸ ਨੂੰ ਖੜ੍ਹੇ ਹੋਏ ਨੂੰ ਦੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਹਨ। ਅਸਲ ਵਿੱਚ ਆਪਣੇ-ਆਪ ਨੂੰ ਤਾਕਤਵਰ ਸਮਝਦੀ ਮੱਧ-ਵਰਗ ਦੀ ਪਤਨੀ ਇੱਕ ਆਮ, ਮਾੜੇ ਰਿਕਸ਼ਾ-ਚਾਲਕ ਤੋਂ ਭੈ- ਭੀਤ ਹੋ ਜਾਂਦੀ ਹੈ ਜਦਕਿ ਬਾਹਰ ਖੜ੍ਹਾ ਰਿਕਸ਼ਾ-ਚਾਲਕ ਤਾਕਤਵਰ ਜਾਪਣ ਲੱਗ ਜਾਂਦਾ ਹੈ। ਜਦੋਂ ਕੁਝ ਸਮਾਂ ਬਾਹਰ ਖੜ੍ਹੇ ਰਹਿਣ ਬਾਅਦ ਰਿਕਸ਼ੇ ਵਾਲਾ ਪੈਸੇ ਲਏ ਬਿਨਾਂ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ-ਪਤਨੀ ਨੂੰ ਸੁੱਖ ਦਾ ਸਾਹ ਤਾਂ ਆਉਂਦਾ ਹੈ ਪਰ ਨਾਲ ਹੀ ਉਹਨਾਂ ਨੂੰ ਦੋਸ਼-ਭਾਵਨਾ ਵੀ ਆ ਘੇਰਦੀ ਹੈ। ਇਸ ਦੋਸ਼-ਭਾਵਨਾ ਤੋਂ ਛੁਟਕਾਰਾ ਪਾਉਣ ਲਈ ਉਹ ਸੋਚਦੇ ਹਨ ਕਿ ਉਹ ਤਿੰਨ ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ ਤਾਂ ਜੋ ਉਹਨਾਂ ਨੂੰ ਮਾੜੇ ਬੰਦੇ ਨਾ ਸਮਝਿਆ ਜਾਵੇ।
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors