ਕੁਦਰਤਿ ਨੇ ਮਨੁੱਖ ਨੂੰ ਬੇਅੰਤ ਨਿਆਮਤਾਂ ਨਾਲ ਨਿਵਾਜਿਆ ਹੈ। ਸਾਫ ਹਵਾ, ਪਾਣੀ, ਰੌਸ਼ਨੀ, ਬਸਨਪਤਿ, ਭੋਇੰ ਸਭ ਕੁਦਰਤਿ ਦੀਆਂ ਨਿਆਮਤਾਂ ਹਨ ਜੋ ਮਨੁੱਖ ਨੂੰ ਬਿਨ ਮੰਗਿਆਂ ਵਰਤਣ, ਹੰਢਾਉਣ ਤੇ ਸੰਭਾਲਣ ਲਈ ਮਿਲੀਆਂ ਹਨ। ਕੁਦਰਤਿ ਨੇ ਮਨੁੱਖ ਤੋਂ ਕਦੇ ਇਨ੍ਹਾਂ ਦੀ ਕੀਮਤ ਨਹੀਂ ਮੰਗੀ। ਸਿਰਫ ਇੰਨੀ ਹੀ ਤਵੱਜੋ ਜਾਂਦੀ ਕੀਤੀ ਕਿ ਮਨੁੱਖ ਆਪਣੇ ਬੁੱਧ-ਬਿਬੇਕ ਨਾਲ ਚੱਲਦਿਆਂ ਇਨ੍ਹਾਂ ਦੀ ਸੁਚੱਜੀ ਵਰਤੋਂ ਕਰੇ ਤੇ ਆਪਣਾ ਜੀਵਨ ਸੁਖਾਲਾ ਬਸਰ ਕਰੇ।
ਦੂਜੇ ਬੰਨੇ ਹਾਲਾਤ ਇਹ ਹਨ ਕਿ ਮਨੁੱਖੀ ਲੋਭ, ਲਾਲਚ ਤੇ ਬਦਨੀਅਤੀ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਮਨੁੱਖ ਨੇ ਲਾਲਚ ਵੱਸ ਕੁਦਰਤਿ ਦੀਆਂ ਨਿਆਮਤਾਂ ਨੂੰ ਆਪਣੀ ਜਾਗੀਰ ਸਮਝ ਕੇ ਉਹਨਾਂ ਦੀ ਸੁਚੱਜੀ ਵਰਤੋਂ ਦੀ ਥਾਂ ਉਹਨਾ ਦਾ ਸ਼ੋਸ਼ਣ ਕਰਨ ਦਾ ਰਾਹ ਅਖਤਿਆਰ ਕਰ ਰੱਖਿਐ। ਕੁਦਰਤੀ ਸੋਮੇਂ ਲੁੱਟੇ ਜਾ ਰਹੇ ਹਨ। ਬਨਸਪਤਿ ਤੇ ਜੰਗਲ ਉਜਾੜੇ ਜਾ ਰਹੇ ਹਨ ਤੇ ਪਥਰੀਲੇ ਮਿਨਾਰਾਂ ਦੇ ਜੰਗਲ ਉਸਾਰੇ ਜਾ ਰਹੇ ਹਨ। ਕਿਸੇ ਪਾਸੇ ਪਾਣੀ ਦਾ ਅਨਮੋਲ ਖਜਾਨਾ ਜ਼ਮੀਨ ਵਿਚੋਂ ਅੰਨੇਵਾਹ ਕੱਢਿਆ ਜਾ ਰਿਹੈ ਤੇ ਨਾਲ ਹੀ ਦੂਜੇ ਬੰਨੇ ਇਸ ਅੰਮ੍ਰਿਤ ਰੂਪੀ ਦਾਤ ਵਿੱਚ ਜ਼ਹਿਰ ਮਿਲਾਇਆ ਜਾ ਰਿਹੈ।
ਲਾਲਚ ਦੀ ਹੱਦ ਇਹ ਹੈ ਕਿ ਮਨੁੱਖ ਨੇ ਧਰਤੀ ਉੱਤੇ ਜੀਵਨ ਹੋਂਦ ਹੀ ਖਤਰੇ ਵਿੱਚ ਪਾ ਦਿੱਤੀ ਹੈ। ਇਹ ਸਾਰਾ ਕੁਝ ਉਦੋਂ ਵਾਪਰ ਰਿਹੈ ਜਦੋਂ ਮਨੁੱਖ ਜਾਤੀ ਆਪਣੇ ਸੱਭਿਅਕ ਅਤੇ ਵਿਕਸਤ ਹੋ ਜਾਣ ਦੇ ਦਮਗਜੇ ਵਜਾ ਰਹੀ ਹੈ। ਜਦੋਂ ਸਰਕਾਰਾਂ ਦਾਅਵਾ ਕਰਦੀਆਂ ਹਨ ਕਿ ਉਹ ਭਵਿੱਖ ਵੇਖ ਸਕਦੀਆਂ ਹਨ ਤੇ ਸੋਚ ਤੱਕ ਨੂੰ ਵੀ ਕਾਬੂ ਕਰ ਸਕਦੀਆਂ ਹਨ ਪਰ ਐਨ ਉਸੇ ਵਕਤ ਉਹਨਾਂ ਹੀ ਸਰਕਾਰਾਂ ਵੱਲੋਂ ਲੋਕਾਈ ਹੀ ਨਹੀਂ ਬਲਕਿ ਜੀਵਨ ਹੋਂਦ ਲਈ ਹੀ ਖਤਰੇ ਖੜ੍ਹੇ ਕੀਤੇ ਜਾ ਰਹੇ ਹਨ।
ਪੰਜਾਬ ਦੀ ਧਰਤ ਨੂੰ ਕੁਰਦਤਿ ਨੇ ਦਰਿਆਵਾਂ ਤੇ ਉਪਜਾਊ ਭੁਇੰ ਨਾਲ ਨਿਵਾਜਿਆ। ਪਰ ਅੱਜ ਦੇ ਹਾਲਾਤ ਇਹ ਹਨ ਕਿ ਵਾਤਾਵਰਣ ਦਾ ਬਹੁਪੱਖੀ ਸੰਕਟ ਪੰਜਾਬ ਵੱਲ ਮੂੰਹ ਅੱਡੀ ਖੜ੍ਹਾ ਹੈ। ਇੱਕ ਬੰਨੇ ਜਮੀਨੀ ਪਾਣੀ ਦੀ ਹਾਲਤ ਅਤਿ ਨਾਜੁਕ ਹੈ ਤੇ ਦੂਜੇ ਬੰਨੇ ਬਚੇ ਖੁਚੇ ਜੰਗਲਾਂ ਦੀ ਹੋਂਦ ਦੁਆਲੇ ਵੀ ਸਵਾਲ ਘੇਰੇ ਘੱਤ ਰਹੇ ਹਨ ਤੇ ਕਿਧਰੇ ਹੋਰ ਲਾਲਚੀਆਂ ਦੇ ਗਿਰੋਹ ਦੇ ਭੋਇੰ ਹੀ ਡਕਾਰੀ ਜਾ ਰਹੇ ਹਨ।