ਸਿੱਖ ਧਰਮ ਦਾ ਅਰੰਭ ‘ਸ਼ਬਦ’ ਅਤੇ ‘ਸੰਗਤ’ ਦੇ ਸੰਕਲਪਾਂ ਨਾਲ ਹੋਇਆ। ਸਤਿਗੁਰੂ ਨਾਨਕ ਪਾਤਸ਼ਾਹ ਨੇ ‘ਹਿੰਦ’ ਦੀ ਹੋਣੀ ਦੀ ਨਵ ਸਿਰਜਣਾ ਲਈ ਇਕ ਵੱਡਾ ਪ੍ਰੋਗਰਾਮ ਉਲੀਕਿਆ, ਜਿਸ ਦਾ ਅਧਾਰ ਉਨ੍ਹਾਂ ਨੇ ਕੇਵਲ ਇਕ ਨਿਰਭਉ, ਨਿਰਵੈਰ ਅਕਾਲ ਪੁਰਖ ਅਤੇ ਉਸ ਦੀ ਪੈਦਾ ਕੀਤੀ ਜਨਤਾ ਨੂੰ ਬਣਾਇਆ। ਸਿਧਾਂ ਦੇ ਇਹ ਪੁੱਛਣ ਉੱਤੇ ਕਿ ਤੇਰੇ ਕੋਲ ਕੀ ਕਰਾਮਾਤ ਹੈ ਜਿਸ ਨਾਲ ਤੂੰ ਮੋਮ ਦੇ ਦੰਦਾਂ ਨਾਲ ਜਨਤਾ ਦੇ ਦੁੱਖਾਂ ਦਾ ਲੋਹਾ ਖਾ ਜਾਏਂਗਾ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਸੀ ਕਿ ਮੇਰੇ ਕੋਲ ਸੱਚਾ ਨਾਂਅ ਅਤੇ ਗੁਰਮੁਖਾਂ ਦੀ ਸੰਗਤ ਦੇ ਦੋ ਹਥਿਆਰ ਹਨ, ਏਹੋ ਹੀ ਕਰਾਮਾਤ ਹੈ। ਅਰਥਾਤ- ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ।” (ਭਾਈ ਗੁਰਦਾਸ ਜੀ - ਵਾਰ:1, ਪਉੜੀ: 42)
ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ 192-193 ਉੱਤੇ ਸਿੱਖ ਅਤੇ ਸਿੱਖ ਧਰਮ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਕੀਤੀ ਹੈ:
ਸਿੱਖ - ਸ੍ਰੀ ਗੁਰੂ ਨਾਨਕ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਜੀ ਦਾ ਧਰਮ ਧਾਰਨ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇਕ ਰੂਪ ਜਾਣਦਾ ਹੈ।” (ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।)
ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ (ਸਿੱਖ ਰਹਿਤ ਮਰਿਯਾਦਾ)
ਸਿੱਖ ਧਰਮ- ਮਨੁੱਖਾ ਜੀਵਨ ਦੇ ਮਨੋਰਥ ਦੀ ਸਿੱਧੀ ਲਈ ਜੋ ਮਹਾਂਪੁਰਖਾਂ ਨੇ ਰਸਤਾ ਦੱਸਿਆ ਹੈ ਉਸ ਨੂੰ ਧਰਮ ਕਹਿੰਦੇ ਹਨ। ਧਰਮ ਦੇ ਅਨੇਕ ਰਸਤਿਆਂ ਵਿੱਚੋਂ ਇਕ ਸ਼੍ਰੋਮਣੀ ਰਸਤਾ ਉਹ ਹੈ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਸ ਗੁਰੂਆਂ ਨੇ ਦੱਸਿਆ ਹੈ, ਇਸ ਦਾ ਨਾਉਂ “ਸਿੱਖ ਧਰਮ” ਹੈ। ਇਸ ਧਰਮ ਦੇ ਮੋਟੇ ਮੋਟੇ ਨਿਯਮ ਇਹ ਹਨ: “ਧਰਮ ਦਾ ਮੁੱਖ ਮਨੋਰਥ ਸਵਰਗ ਆਦਿਕ ਲੋਕਾਂ ਦੀ ਪ੍ਰਾਪਤੀ ਨਹੀਂ, ਸਗੋਂ ਪਰਮਪਤੀ ਵਾਹਿਗੁਰੂ ਨਾਲ ਅਖੰਡ ਲਿਵ ਜੋੜ ਕੇ ਇਕ ਮਿੱਕ ਹੋ ਜਾਣਾ ਹੈ, ਜਿਸ ਬਿਨਾਂ ਆਵਾਂਗਾਉਣ ਦੀ ਸਮਾਪਤੀ ਨਹੀਂ ਹੁੰਦੀ।
ਵਾਹਿਗੁਰੂ ਦਾ ਰੂਪ ਇਹ ਹੈ:- “ੴ ਸਤਿਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰਪ੍ਰਸਾਦਿ”” ਅਰਥਾਤ ਵਾਹਿਗੁਰੂ ਇਕ (ਅਦੁਤੀ) ਹੈ, ਸਦਾ ਅਵਿਨਾਸ਼ੀ ਹੈ, ਸਭ ਦੇ ਰਚਣ ਵਾਲਾ ਉਹੀ ਹੈ ਅਤੇ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ, ਦੇਵਤਿਆਂ ਵਾਂਗ ਉਹ ਕਦੇ ਕਿਸੇ ਤੋਂ ਭੈ ਕਰਦਾ ਜਾਂ ਵੈਰੀਆਂ ਨੂੰ ਡਰਾਉਣ ਵਾਲਾ ਨਹੀਂ, ਨਿਤ ਅਨੰਦਰੂਪ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ, ਉਹ ਸਭ ਦਾ ਕਰਤਾ ਹੈ, ਉਸ ਦਾ ਕਰਤਾ ਕੋਈ ਨਹੀਂ ਉਸ ਮਹਾਂਜੋਤਿ ਦੀ ਕ੍ਰਿਪਾ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਅੱਗੇ ਸਤਿਕਾਰਤ ਭਾਈ ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ “ਵਾਹਿਗੁਰੂ ਨੂੰ ਪਹੁੰਚਣ ਲਈ ਗੁਰੂ ਦੀ ਲੋੜ ਹੈ, ਇਹ ਗੁਰੂ ਦਸ ਸਤਿਗੁਰੂ ਹਨ ਅਤੇ ਉਨ੍ਹਾਂ ਦਾ ਸਮੁੱਚਾ ਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਦਸੇ ਗੁਰੂ ਸਾਹਿਬਾਨ ਰਾਹੀਂ ਪ੍ਰਵਾਣਿਤ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਸੰਪੂਰਨ ਹੋਇਆ “ਪੋਥੀ ਪਰਮੇਸਰ ਕਾ ਥਾਨੁ” (ਸ਼ਬਦ ਗੁਰੂ, ਗੁਰੂ ਗ੍ਰੰਥ ਹੈ) ਜੋ ਗੁਰਮੁਖ ਪਿਆਰੇ ਸਤਿਗੁਰੂ ਦੇ ਸ਼ਬਦ ਦਾ ਭਾਵ ਅਤੇ ਧਰਮ ਦੇ ਗੁੱਝੇ ਭੇਦ ਦੱਸਦੇ ਹਨ, ਉਹ ਸਨਮਾਨ ਯੋਗ ਉਪਕਾਰੀ ਸੱਜਣ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਸੰਗਤ ਨਾਲ ਅਸੀਂ ਆਪਣਾ ਉੱਚਾ ਆਚਰਣ ਬਣਾਉਣਾ ਹੈ।
ਇਹ ਆਚਰਣ ਦੋ ਤਰ੍ਹਾਂ ਦਾ ਹੈ: (ੳ) ਸ਼ਖ਼ਸ਼ੀ (ਅ) ਪੰਥਕ
(ੳ) ਸ਼ਖ਼ਸ਼ੀ - ਸ਼ਖ਼ਸ਼ੀ ਆਚਰਣ ਦੇ ਮੋਟੇ ਮੋਟੇ ਨੇਮ ਇਹ ਹਨ:-
ਵਾਹਿਗੁਰੂ ਨਾਲ ਲਿਵ ਜੋੜ ਕੇ ਨਾਮ ਸਿਮਰਣ ਕਰਨਾ।
ਗੁਰਬਾਣੀ ਦਾ ਪਾਠ ਸਿਧਾਂਤ ਵਿਚਾਰ ਨਾਲ ਨਿੱਤ ਕਰਨਾ।
ਮਨੁੱਖਾਂ ਨੂੰ ਆਪਣੇ ਭਾਈ ਜਾਣਕੇ ਜਾਤਿ ਪਾਤਿ ਅਤੇ ਦੇਸ਼ ਦਾ ਭੇਦ ਤਿਆਗ ਕੇ ਪ੍ਰੇਮ ਕਰਨਾ ਤੇ ਨਿਸ਼ਕਾਮ ਸੇਵਾ ਕਰਨੀ (ਸੇਵਾ ਕਰਤ ਹੋਇ ਨਿਹਕਾਮੀ।। ਤਿਸ ਕਉ ਹੋਤ ਪਰਾਪਤਿ ਸੁਆਮੀ।।)
ਗ੍ਰਹਿਸਥ ਵਿੱਚ ਰਹਿ ਕੇ ਧਰਮ ਦੀ ਕਮਾਈ ਨਾਲ ਨਿਰਵਾਹ ਕਰਨਾ ਹੈ।
ਅਵਿਦਯ ਮੂਲਕ ਛੂਤ ਛਾਤ, ਜੰਤ੍ਰ, ਮੰਤ੍ਰ, ਮੂਰਤੀ ਪੂਜਾ ਅਤੇ ਮਨਮੱਤਾਂ ਦੇ ਕਰਮ ਜਾਲ ਨੂੰ ਛੱਡ ਕੇ ਗੁਰਮਤਿ ਤੇ ਚਲਣਾ।
(ਅ) ਪੰਥਕ - ਪੰਥਕ ਆਚਰਣ ਲਈ ਜਰੂਰੀ ਹੈ ਕਿ:
ਜਥੇਬੰਦੀ ਦੇ ਨਿਯਮਾਂ ਵਿੱਚ ਆ ਕੇ ਸਿੱਖ ਧਰਮ ਦੀ ਰਹਿਤ ‘ਤੇ ਪੱਕਿਆਂ ਰਹਿਣਾ।
ਪੰਥ ਨੂੰ ਗੁਰੂ ਦਾ ਰੁਪ ਜਾਣਕੇ, ਤਨ ਮਨ ਧਨ ਤੋਂ ਸਹਾਇਤਾ ਕਰਨੀ। (ਨੋਟ-ਸਿੱਖ ਰਹਿਤ ਮਰਿਯਾਦਾ ਦੇ ਪੰਨਾ 27 ਉੱਤੇ ਗੁਰੂ ਪੰਥ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ ਕਿ - “ਗੁਰੂ ਪੰਥ” ਤਿਆਰ-ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਆਖਦੇ ਹਨ।
ਜਗਤ ਵਿੱਚ ਗੁਰਮਤਿ ਦਾ ਪ੍ਰਚਾਰ ਕਰਨਾ।
ਗੁਰੂ ਨਾਨਕ ਪੰਥੀ ਭਾਵੇਂ ਕਿਸੇ ਰੂਪ ਵਿੱਚ ਹੋਣ ਉਨ੍ਹਾਂ ਨਾਲ ਸਨੇਹ ਕਰਨਾ ਅਰ ਹਰ ਵੇਲੇ ਸਭ ਦਾ ਭਲਾ ਲੋਚਣਾ।
ਗੁਰਦੁਆਰਿਆਂ ਅਤੇ ਧਰਮ ਅਸਥਾਨਾਂ ਦੀ ਮਰਿਯਾਦਾ ਸਤਿਗੁਰਾਂ ਦੇ ਹੁਕਮ ਅਨੁਸਾਰ ਕਾਇਮ ਰੱਖਣੀ। (ਹਵਾਲਾ-ਗੁਰਸ਼ਬਦ ਰਤਨਾਗਰ ਮਹਾਨ ਕੋਸ਼ ਚੌਥਾ ਸੰਸਕਰਣ, ਭਾਸ਼ਾ ਵਿਭਾਗ ਪੰਜਾਬ-1974)
“ਗੁਰੂ ਗ੍ਰੰਥ ਸਾਹਿਬ ਸਿੱਖੀ ਦੇ ਇਨ੍ਹਾਂ ਤਿੰਨ ਬੁਨਿਆਦੀ ਅਸੂਲਾਂ ਦੀ ਵਿਆਖਿਆ ਕਰਦੇ ਹਨ:
ਕਿਰਤ ਕਰੋ (ਇਮਾਨਦਾਰੀ ਨਾਲ ਕੋਈ ਪੈਦਾਵਰੀ ਕੰਮ ਕਰੋ)
ਨਾਮ ਜਪੋ (ਨਾਮ ਜਪਕੇ ਆਪਣੇ ਆਪ ਨੂੰ ਰੂਹਾਨੀ ਤੌਰ 'ਤੇ ਜਾਗਰਤ ਕਰੋ)
ਵੰਡ ਛਕੋ (ਆਪਣੀ ਦਸਾਂ ਨਹੁਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਬਿਨਾਂ ਨਸਲੀ ਭੇਦ ਭਾਵ ਦੇ ਲੋੜਵੰਦਾਂ ਦੀ ਮਦਦ ਕਰੋ)
ਇਹ ਤਿੰਨੇ ਅਸੂਲ ਮਨੁੱਖੀ ਵਿਕਾਸ ਦੇ ਨਾਲ ਨਾਲ ਇਕ ਆਦਰਸ਼ ਸਮਾਜ ਦੇ ਵਿ...