ਅਕਾਸ਼ਬਾਣੀ ਸੰਤ ਅਤਰ ਸਿੰਘ ਜੀ ਦੇ ਲਾਹੌਰ ਦਰਸ਼ਨਾਂ ਦੇ ਹਫ਼ਤਾ ਕੁ ਪਿੱਛੋਂ, ਤਰਨ ਤਾਰਨ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੇ ਦੀਵਾਨ ਵਿੱਚ, (ਸੰਤ) ਭਾਈ ਤੇਜਾ ਸਿੰਘ ਜੀ ਨੂੰ ਨਾਮ ਦੀ ਮਸਤੀ ਵਿੱਚ, ਅੰਮ੍ਰਿਤ ਛਕਣ ਦੀ ਅਕਾਸ਼ਬਾਣੀ ਹੋਈ। ਆਵਾਜ਼ ਸੁਣਦੇ ਸਾਰ ਆਪ ਦੇ ਹਿਰਦੇ ਵਿੱਚ ਐਸੀ ਖਿੱਚ ਪਈ ਕਿ ਆਪ ਉਸੇ ਵੇਲੇ ਸੰਤ ਅਤਰ ਸਿੰਘ ਜੀ ਪਾਸ ਹਾਜ਼ਰ ਹੋਏ। ਹੱਥ ਜੋੜ ਬੇਨਤੀ ਕਰ, ਆਪ ਜੀ ਨੇ ਪ੍ਰਵਾਰ ਸਹਿਤ ਸੰਤ ਜੀ ਰਾਹੀਂ, ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ-ਪਾਨ ਕਰ, ਨਾਮ ਦੀ ਪੂਰੀ ਵਿਧੀ ਪ੍ਰਾਪਤ ਕੀਤੀ ਅਤੇ ਨਿਰੰਜਣ ਸਿੰਘ ਮਹਿਤਾ ਤੋਂ 'ਤੇਜਾ ਸਿੰਘ' ਬਣੇ। ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥ (੯੯੩) ਅੰਮ੍ਰਿਤ ਤਿਆਰ ਹੋਣ ਦੌਰਾਨ ਆਪ ਦੇ ਰੋਮ-ਰੋਮ 'ਚੋਂ ਅੰਤਰ ਆਤਮੇ ਏਹੀ ਅਰਦਾਸ ਨਿਕਲਦੀ ਰਹੀ, "ਹੇ ਸੱਚੇ ਪਾਤਸ਼ਾਹ! ਤੂੰ ਆਪਣਾ ਅੰਮ੍ਰਿਤ ਬਖਸ਼ਣ ਲੱਗਾਂ ਹੈਂ, ਆਪਣੀ ਮਿਹਰ ਕਰਕੇ ਨਿਭਾ ਲੈਣਾ।"