ਭੂਰੀ ਵਾਲੇ ਸੰਤਾਂ ਦਾ ਬਚਨ ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਿਖੇ ਸਰੋਵਰ ਦੇ ਪਾਸ ਇੱਕ ਰੇਰੂ ਦੇ ਦਰੱਖ਼ਤ ਹੇਠਾਂ ਸਜੇ ਹੋਏ ਸਨ। (ਸੰਤ) ਭਾਈ ਤੇਜਾ ਸਿੰਘ ਜੀ, ਭੁਝੰਗੀ ਮੁਕੰਦ ਸਿੰਘ, ਹਰੀ ਸਿੰਘ ਅਤੇ ਚੰਦਾ ਸਿੰਘ ਨਾਲ ਦਰਸ਼ਨ ਕਰਨ ਗਏ। ਸੰਤਾਂ ਨੇ ਫ਼ੁਰਮਾਇਆ, "ਭਾਈ! ਭੁਝੰਗੀਆਂ ਨੂੰ ਸਕੂਲੀ ਪੜ੍ਹਾਈ ਛਡਾ ਦਿਉ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁੱਧ ਕਰਾਓ।" ਸੰਤ ਅਤਰ ਸਿੰਘ ਜੀ ਮਹਾਰਾਜ ਨੇ ਭੁਝੰਗੀਆਂ ਦੀਆਂ ਨਿੱਕਰਾਂ ਵੇਖ ਕੇ ਚੰਦਾ ਸਿੰਘ ਵੱਲ ਇਸ਼ਾਰਾ ਕਰਕੇ, ਜਿਸ ਨੇ ਨਿੱਕਰ ਦੀ ਜਗ੍ਹਾ ਕਛਹਿਰਾ ਪਾਇਆ ਹੋਇਆ ਸੀ, ਕਿਹਾ, "ਸਤਿਗੁਰੁ ਸੱਚੇ ਪਾਤਸ਼ਾਹ ਦਾ ਕਛਹਿਰਾ ਪਾਈ, ਕੇਹਾ ਸੋਹਣਾ ਲੱਗ ਰਿਹਾ ਹੈ।" ਭਾਈ ਤੇਜਾ ਸਿੰਘ ਜੀ ਦੇ ਛੋਟੇ ਭੁਝੰਗੀ ਹਰੀ ਸਿੰਘ ਨੇ ਘਰ ਜਾ ਕੇ ਬੂਟ, ਨਿੱਕਰ ਤੇ ਕੋਟ ਲਾਹ ਸੁੱਟੇ। ਮਾਤਾ ਜੀ ਦੀ ਇੱਕ ਨਾ ਸੁਣੀ ਤੇ ਕਹਿਣ ਲੱਗਾ, "ਭੂਰੀ ਵਾਲੇ ਸੰਤਾਂ ਦਾ ਬਚਨ ਹੈ ਇਹ ਵਰਦੀ ਨਹੀਂ ਪਾਉਣੀ।" ਭੁਝੰਗੀ ਦੇ ਨਾਨੇ-ਨਾਨੀ ਦੇ ਬਹੁਤ ਜ਼ੋਰ ਪਾਉਣ 'ਤੇ ਵੀ ਇਹੀ ਕਹਿੰਦਾ ਕਿ ਖ਼ਾਲਸਾਈ ਵਰਦੀ ਕਛਹਿਰਾ-ਕੁੜਤਾ ਹੀ ਸੋਹਣਾ ਲੱਗਦਾ ਹੈ।