ਜਰਮਨ ਵਿੱਚ ਗੁਰਮਤਿ 'ਤੇ ਲੈਕਚਰ ਪਾਦਰੀ ਜੋਨਜ਼ (ਸ਼ਿਕਾਗੋ ਵਾਲੇ) ਦੇ ਸੱਦੇ 'ਤੇ ਸੰਤ ਤੇਜਾ ਸਿੰਘ ਜੀ ਨੇ ਜਰਮਨੀ ਵਿੱਚ, 'ਸਰਬ ਧਰਮੀ ਕਾਂਗਰਸ' ਵਿੱਚ ਵਖਿਆਨ ਕੀਤਾ, ਜਿਸ ਦਾ ਭਾਵ ਸੀ, "ਸਭ ਮਨੁੱਖ-ਮਾਤਰ ਵਿੱਚ ਇੱਕ ਹੀ ਰੱਬ ਦੀ ਜੋਤ ਹੈ। ਹਰ ਰੰਗ, ਹਰ ਮਜ਼੍ਹਬ, ਹਰ ਨਸਲ, ਹਰ ਜਾਤ ਦੇ ਸਰੀਰਾਂ ਦੀ ਬਨਾਵਟ ਇੱਕੋ ਹੀ ਮਿੱਟੀ ਤੋਂ ਬਣੀ ਹੈ। ਖ਼ੁਦਗਰਜ਼ੀ ਦੇ ਪਰਦੇ ਕਰਕੇ, ਇਨਸਾਨ ਦੇ ਹਿਰਦੇ ਦੀ ਰੱਬੀ ਜੋਤ ਦੇ ਸੂਰਜ ਅੱਗੇ ਉਹਲਾ ਆ ਜਾਂਦਾ ਹੈ। ਅਸੀਂ ਭੁਲੇਖੇ ਵਿੱਚ ਪੈ ਕੇ ਇੱਕ ਦੂਜੇ ਨਾਲ ਕੁੱਕੜ-ਖੋਹੀ (ਕਮੀਨੀ ਲੜਾਈ) ਕਰਨ ਲੱਗ ਪੈਂਦੇ ਹਾਂ। ਰੱਬ ਦੀ ਯਾਦ ਵਿੱਚ ਜੇ ਖ਼ੁਦਗਰਜ਼ੀ ਨੂੰ ਮਿਟਾਈਏ ਤਾਂ ਹਰ ਇੱਕ ਹਿਰਦੇ ਵਿੱਚ ਜੋਤ ਪ੍ਰਕਾਸ਼ ਹੋ ਕੇ ਇੱਕੋ ਇੱਕ ਨੂਰ ਪ੍ਰਗਟ ਕਰ ਦਿੰਦੀ ਹੈ। ਇਸ ਸੋਝੀ ਬਿਨਾਂ ਦੁਨੀਆਂ ਵਿੱਚ ਕੋਈ ਪੱਕਾ ਅਮਨ ਚੈਨ ਨਹੀਂ ਹੋ ਸਕਦਾ।" ਇਹ ਸੁਣਦਿਆਂ ਇੱਕ ਜਰਮਨ ਪ੍ਰੋਫੈਸਰ, ਕਿਸੇ ਖ਼ਾਸ ਰੰਗ ਵਿੱਚ, ਉੱਚੀ-ਉੱਚੀ ਕਹਿਣ ਲੱਗਾ, "ਦਿਸ ਇਜ਼ ਦਿ ਥਿੰਗ ਵੁਈ ਵਾਂਟ।" (ਸਾਨੂੰ ਇਹੋ ਹੀ ਗੱਲ ਲੋੜੀਂਦੀ ਹੈ।) ਭਾਈ ਤੇਜਾ ਸਿੰਘ ਜੀ ਨੇ ਹਿੰਦੁਸਤਾਨ ਆਉਣ ਤੋਂ ਬਾਅਦ 'ਦੂਜੀ ਸਿੱਖ ਲੀਗ' ਕਾਨਫਰੰਸ ਵਿਚ ਭਾਗ ਲਿਆ। ਫਿਰ ਉਨ੍ਹਾਂ ਨੇ ਜਾਪਾਨ ਦੇ ਸ਼ਹਿਰ ਸ਼ਮੀਜੂ ਵਿਚ 1956 ਨੂੰ ਹੋਈ ਕਾਨਫਰੰਸ ਵਿਚ ਵੀ ਭਾਗ ਲਿਆ। ਇਸ ਕਾਨਫਰੰਸ ਵਿਚ ਆਪ ਜੀ ਨੇ 'ਮੂਲ-ਮੰਤਰ' ਦੀ ਵਿਆਖਿਆ ਕਰਕੇ ਪਰਮਾਤਮਾ ਦੇ ਸਰੂਪ ਬਾਰੇ ਦੱਸਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਪੇਸ਼ ਕੀਤਾ, ਜਿਸ ਤੋਂ ਸਭ ਬੜੇ ਪ੍ਰਭਾਵਿਤ ਹੋਏ ਤੇ ਸਭ ਨੇ ਸਿੱਖ ਧਰਮ ਦੇ ਸਰਬ ਸਾਂਝੀਵਾਲਤਾ ਦੇ ਸਿਧਾਂਤਾਂ ਦੀ ਬੜੀ ਸ਼ਲਾਘਾ ਕੀਤੀ।